ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟਾਹਲੀ ਤੂਤ ਫੁਟਾਰਾ ਫੁੱਟਿਆ ਵੇਖ ਮਹੀਨਾ ਚੇਤਰ ਚੜਿਆ।
ਪੱਤਝੜ ਮਗਰੋਂ ਰੂਹ ਦੇ ਸਾਈਂਆਂ ਤੂੰ ਵੀ ਤਾਂ ਮਿਲ ਜਾ ਵੇ ਅੜਿਆ।

ਚੁੱਪ ਦੇ ਜੰਗਲ ਦਿਨ ਤੇ ਰਾਤਾਂ ਸ਼ਾਮ ਸਵੇਰਾਂ, ਕੀ ਤੂੰ ਕਰਦੈ,
ਰੂਹ ਤੇ ਦਸਤਕ ਦੇ ਦੇ ਪਰ ਇਹ ਤੂੰ ਵਰਕਾ ਕਿੱਥੋਂ ਪੜ੍ਹਿਆ।

ਲੱਸੀ ਨੂੰ ਵੀ ਮਾਰੇ ਫੂਕਾਂ ਏਨਾ ਵੀ ਦੱਸ ਡਰ ਕੀ ਹੋਇਆ,
ਹੋਠ ਛੁਹਾ ਕੇ ਰੂਹ ਨੂੰ ਸਿੰਜ ਲੈ, ਝਿਜਕ ਰਿਹੈਂ ਕਿਉਂ, ਦੁੱਧ ਦਾ ਸੜਿਆ।

ਕਣਕਾਂ ਹੋਈਆਂ ਸੋਨ ਸੁਨਹਿਰੀ ਸਿੱਟਿਆਂ ਦੇ ਮੂੰਹ ਦਾਣੇ ਮੋਤੀ,
ਬੱਲੀਆਂ ਦੇ ਵਿੱਚ ਜੜ ਮਾਣਕ ਕੇ ਮਾਣਕ ਇਸ ਨੂੰ ਕਿੰਜ ਸੁਨਿਆਰੇ ਘੜਿਆ।

ਉੱਖਲੀ ਦੇ ਵਿੱਚ ਸਿਰ ਸੀ ਮੇਰਾ ਸਖ਼ਤ ਮੇਰੀ ਹਸਤੀ ਦੇ ਕਰਕੇ,
ਵਕਤ ਲਿਹਾਜ਼ ਨਾ ਕੀਤਾ ਮੇਰਾ ਮੋਹਲੇ ਮਾਰ ਮਾਰ ਕੇ ਛੜਿਆ।

ਤੋੜ ਰਹੇ ਨੇ ਫੁੱਲ ਤੇ ਕਲੀਆਂ ਵਣਜਾਂ ਖਾਤਰ ਚੁਸਤ ਫੁਲੇਰੇ,
ਟਾਹਣੀ ਟਾਹਣੀ ਖ਼ੁਸ਼ਬੂ ਪੁੱਛਦੀ, ਕਿਰਨ ਮਕਿਰਨੀ ਕਿਹੜਾ ਝੜਿਆ।

ਮੈਂ ਉਹ ਯੁੱਧ ਲੜਨ ਦੀ ਖਾਤਰ, ਰਣ ਭੂਮੀ ਵਿੱਚ ਪਹੁੰਚ ਗਿਆ ਹਾਂ,
ਆਪਣੇ ਉਲਟ ਲੜਾਈ ਹੈ ਇਹ, ਜੋ ਸੀ ਮੈਂ ਅੱਜ ਤੀਕ ਨਾ ਲੜਿਆ।

ਮੋਹ ਤੇਰੇ ਦੀ ਸੁਰਮ ਸਲਾਈ ਪਾ ਨੈਣਾਂ ਵਿੱਚ ਹੋਇਆ ਚਾਨਣ,
ਦਿਲ ਦਰਵਾਜ਼ੇ ਅੰਦਰ ਤੱਕ ਤੂੰ , ਮੁੰਦਰੀ ਵਿੱਚ ਨਗੀਨਾ ਜੜਿਆ।

ਵੇਖੀ ਰਾਹ ਵਿਚਕਾਰ ਨਾ ਛੱਡੀ ਕੱਲ੍ਹਿਆਂ ਮੈਂ ਰਾਹ ਭੁੱਲ ਜਾਵਾਂਗਾ,
ਰੱਬ ਤੋਂ ਵੱਧ ਵਿਸ਼ਵਾਸ ਸਹਾਰੇ , ਯਾਦ ਤੇਰੀ ਦਾ ਪੱਲੂ ਫੜਿਆ।

ਮਨ ਪਰਦੇਸੀ / 91