ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕੌਣ ਕਹਿੰਦਾ ਹੈ ਗ਼ਜ਼ਾਲਾ[1] ਮਰ ਗਈ ਹੈ।
ਮਹਿਕ ਸੀ, ਤਾਹੀਓਂ ਖੁਦਾ ਦੇ ਘਰ ਗਈ ਹੈ।

ਜਿਸਮ ਤਾਂ ਮਿੱਟੀ ਸੀ, ਕਬਰੀਂ ਸੌਂ ਗਿਆ ਹੈ,
ਰੰਗ ਸਭ ਫੁੱਲਾਂ ਵਿੱਚ ਆਪਣੇ ਭਰ ਗਈ ਹੈ।

ਪਾਣੀਆਂ ਵਿਚ ਕਲਵਲਾਂ ਓਸੇ ਦੀਆਂ ਨੇ,
ਵੇਖ ਲਉ, ਕਿੱਦਾਂ ਸਮੁੰਦਰ ਤਰ ਗਈ ਹੈ।

ਬੁਲਬੁਲਾਂ ਤੇ ਕਿਉਂ ਨਿਸ਼ਾਨੇ ਮਾਰਦੇ ਹੋ,
ਦਰਦ-ਭਿੰਨੀ 'ਵਾਜ਼ ਤਾਂ ਦਰ ਦਰ ਗਈ ਹੈ।

ਕਾਤਲਾਂ ਨੂੰ ਭਰਮ ਹਰ ਧਰਤੀ ਤੇ ਏਹੀ,
ਜ਼ਿੰਦਗੀ ਹਥਿਆਰ ਕੋਲੋਂ ਡਰ ਗਈ ਹੈ।

ਫੁੰਡ ਕੇ ਸ਼ੀਸ਼ੀ ਇਤਰ ਦੀ ਢੂੰਡਦੇ ਹੋ,
ਲੱਭਣੀ ਨਹੀਂ, ਮਹਿਕ ਹਿਜਰਤ ਕਰ ਗਈ ਹੈ।

ਜਾਣ ਤੋਂ ਪਹਿਲਾਂ ਗ਼ਜ਼ਲਾ ਮਿਰਗ-ਬੱਚੀ,
ਵੰਡਕੇ ਕਸਤੂਰੀਆਂ ਘਰ ਘਰ ਗਈ ਹੈ।

ਮਨ ਪਰਦੇਸੀ / 79

  1. ਸਵਾਤ ਘਾਟੀ (ਪਾਕਿਸਤਾਨ) ਵਿੱਚ ਕੁਝ ਵਰ੍ਹੇ ਪਹਿਲਾਂ ਗੁਜ਼ਾਲਾ ਜਾਵੇਦ ਨਾਂ ਦੀ ਸੁਰੀਲੀ ਤੇ ਖੂਬਸੂਰਤ ਗਾਇਕਾ ਨੂੰ ਉਸਦੇ ਪਿਤਾ ਸਮੇਤ ਹਥਿਆਰ ਪੂਜਕਾਂ ਵੱਲੋਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ, ਇਸ ਦੋਸ਼ ਬਦਲੇ ਕਿ ਉਹ ਗਾਉਂਦੀ ਕਿਉਂ ਹੈ?