ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਤੋਰਨੀ ਜੇ ਗੱਲ ਅੱਗੇ, ਖ਼ਤਾਂ ਦਾ ਜੁਆਬ ਲਿਖੋ।
ਦਿਲ ਚ ਤਰੰਗਾਂ ਤੇ ਉਮੰਗਾਂ ਦਾ ਹਿਸਾਬ ਲਿਖੋ।

ਫ਼ਰਜ਼ਾਂ ਦੀ ਪੂਰਤੀ ਲਈ ਗਰਜ਼ਾਂ ਨੂੰ ਛੱਡ ਪਿੱਛੇ,
ਕੰਡਿਆਂ ਨੂੰ ਕੰਡੇ ਤੇ ਗੁਲਾਬ ਨੂੰ ਗੁਲਾਬ ਲਿਖੋ।

ਜੀਹਨੂੰ ਤੁਸੀਂ ਮਿਲੇ ਵੀ ਨਹੀਂ, ਉਸ ਨੂੰ ਵੀ ਮਿਲ ਸਕੋ,
ਘੁਲ ਜਾਵੋ ਸ਼ਬਦਾਂ 'ਚ, ਮਹਿਕਦੀ ਕਿਤਾਬ ਲਿਖੋ।

ਝੁੱਗੀਆਂ ’ਚ ਟੁਣਕੇ ਜੋ, ਦੀਵਿਆਂ ਦੀ ਲੋਏ ਕਿਤੇ,
ਬਾਣੀ ਤੋਂ ਵਿਛੋੜੀ ਏਸ ਤਾਨ ਨੂੰ ਰਬਾਬ ਲਿਖੋ।

ਹੱਦਾਂ ਸਰਹੱਦਾਂ, ਰਾਵੀ ਪਾਰ ਜਾਂ ਉਰਾਰ ਕਿਤੇ,
ਦੁੱਲਿਆਂ ਤੇ ਬੁੱਲ੍ਹਿਆਂ ਨੂੰ ਨਾਨਕਾਂ ਦਾ ਖ੍ਵਾਬ ਲਿਖੋ।

ਪਾਉਣ ਜੋ ਘਚੋਲਾ ਸਾਡੇ ਸੁੱਚਿਆਂ ਸਰੋਵਰਾਂ 'ਚ,
ਭੁੱਲ ਕੇ ਵੀ ਇਹੋ ਜਿਹੇ ਬੋਲ ਨਾ ਜਨਾਬ ਲਿਖੋ।

ਘਿਰਿਆ ਮੁਸੀਬਤਾਂ ’ਚ ਦਿਸੇ ਜੇ ਉਦਾਸ ਕੋਈ,
ਨਾਮ ਪਤਾ ਓਸ ਦਾ ਨਿਸ਼ੰਗ ਹੋ ਪੰਜਾਬ ਲਿਖੋ।

ਮਨ ਪਰਦੇਸੀ/77