ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦਿਸਦਾ ਵੀ ਨਹੀਂ, 'ਵਾਜ਼ ਨਾ ਆਵੇ, ਕੌਣ ਸੁਨੇਹੇ ਘਲਦਾ ਹੈ?
ਕਿਹੜਾ ਮੈਨੂੰ ਏਨਾ ਚਾਹਵੇ, ਰੌਲਾ ਏਸੇ ਗੱਲ ਦਾ ਹੈ?

ਖ਼ੁਸ਼ਬੂ ਖ਼ੁਸ਼ਬੂ ਚਾਨਣ ਚਾਨਣ, ਲੂੰ ਲੂੰ, ਕਣ ਕਣ ਲਰਜ਼ਾਵੇ,
ਬੰਦ ਬੂਹਿਆਂ ਨੂੰ ਚੀਰ ਕੇ ਕਿਹੜਾ ਤਖ਼ਤ ਦਿਲਾਂ ਦਾ ਮੱਲਦਾ ਹੈ?

ਨਾ ਡਾਚੀ ਦੀ ਪੈੜ ਨਾ ਟੱਲੀਆਂ ਟੁਣਕਦੀਆਂ ਦੀ 'ਵਾਜ਼ ਸੁਣੇ,
ਅੱਖਾਂ ਨੂਟ ਲਵਾਂ ਤਾਂ ਨਕਸ਼ਾ ਦਿਸਦਾ ਮਾਰੂ-ਥੱਲ ਦਾ ਹੈ।

ਨੀਂਦਰ ਆਵੇ ਸੌਂ ਜਾਂਦਾ ਹਾਂ, ਬਿੜਕਾਂ ਸੁਣਦਾ ਰਹਿੰਦਾ ਹਾਂ,
ਜਾਗਾਂ ਨਾ ਮੈਂ, ਸੁਪਨਾ ਟੁੱਟ ਜੂ, ਧੁੜਕੂ ਏਹੀ ਸੱਲਦਾ ਦਾ ਹੈ।

ਬੀਤੇ ਦਾ ਪਛਤਾਵਾ ਹੈ ਨਹੀਂ, ਅੱਜ ਨੂੰ ਰੱਜ ਕੇ ਮਾਣ ਰਿਹਾਂ,
ਇਕਲਾਪੇ ਦਾ ਕੀਹ ਕਰਨਾ ਹੈ, ਇਹ ਤਾਂ ਮਸਲਾ ਕੱਲ੍ਹ ਦਾ ਹੈ।

ਅਗਨ ਲਗਨ ਦੀ ਮਘਨ ਅੰਗੀਠੀ, ਹੁਣ ਤੀਕਰ ਤਾਂ ਬੁਝ ਜਾਂਦੀ,
ਜ਼ਿੰਦਗੀ ਦਾ ਹੀ ਇਸ਼ਕ ਨਿਰੰਤਰ ਇਸ ਨੂੰ ਪੱਖੀਆਂ ਝੱਲਦਾ ਹੈ।

ਚੋਰ ਸਿਪਾਹੀ ਲੁਕਣ ਮਚਾਈ ਖੇਡ ਖੇਡ ਕੇ ਥੱਕਦੇ ਨਹੀਂ,
ਵੇਖ ਰਹੇ ਨੇ ਲੋਕ ਤਮਾਸ਼ਾ, ਕਿਹੜਾ ਕਿਸਦੇ ਵੱਲ ਦਾ ਹੈ।

ਮਨ ਪਰਦੇਸੀ / 70