ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/65

ਇਹ ਸਫ਼ਾ ਪ੍ਰਮਾਣਿਤ ਹੈ



ਚਾਤਰ ਸ਼ਾਤਰ ਸਾਨੂੰ ਪੁੱਠੇ ਸਬਕ ਪੜ੍ਹਾਈ ਜਾਂਦੇ ਨੇ ।
ਬੋਹੜ ਦਾ ਬੂਟਾ ਛਾਂਗ ਛਾਂਗ ਗਮਲੇ ਵਿਚ ਲਾਈ ਜਾਂਦੇ ਨੇ ।

ਤੋਤੇ ਵਾਂਗ ਰਟਾਉਂਦੇ ਬੋਲੀ, ਜੋ ਕੁਝ ਉਨ੍ਹਾਂ ਨੂੰ ਏ ਪੁੱਗਦਾ
ਚੂਰੀ ਬਦਲੇ ਕੀਹ ਕੁਝ ਸਾਡੇ ਮੂੰਹ ਵਿਚ ਪਾਈ ਜਾਂਦੇ ਨੇ ।

ਕੁਝ ਲੋਕੀਂ ਤਾਂ ਕੀਮਖਾਬ ਤੇ ਰੇਸ਼ਮ ਪਾਉਂਦੇ ਨੇ ਔਖੇ,
ਉਹ ਵੀ ਤਾਂ ਇਨਸਾਨ ਜੋ ਤਨ ਦਾ ਮਾਸ ਹੰਢਾਈ ਜਾਂਦੇ ਨੇ ।

ਕੁੱਲ ਦੁਨੀਆਂ ਦੀ ਇੱਕੋ ਮੰਡੀ ਸਿਰਜਣ ਵਾਲੇ ਵੇਖ ਲਵੋ,
ਬੰਦੇ ਦੀ ਰੂਹ ਅੰਦਰ ਧੁਰ ਤੱਕ ਲੀਕਾਂ ਪਾਈ ਜਾਂਦੇ ਨੇ ।

ਪੁਤਲੀਗਰ ਪਏ ਨਾਚ ਨਚਾਉਂਦੇ, ਕਿੱਥੇ ਬੈਠੇ ਦਿਸਦੇ ਨਹੀਂ,
ਫ਼ਰਜ਼ਾਂ ਦੀ ਥਾਂ ਗ਼ਰਜ਼ਾਂ ਵਾਲੀ ਤਾਰ ਹਿਲਾਈ ਜਾਂਦੇ ਨੇ ।

ਲਹਿ ਗਏ ਪਾਣੀ, ਮਾਲ੍ਹ ਤਰੀ ਹੈ, ਉੱਜੜ ਗਏ ਖੂਹ ਰੀਝਾਂ ਦੇ,
ਖ਼ਾਲੀ ਟਿੰਡਾਂ ਵਰਗੇ ਸੁਪਨੇ ਹੁਣ ਵੀ ਆਈ ਜਾਂਦੇ ਨੇ ।

ਪਾਥੀਆਂ ਦੀ ਅੱਗ ਬਾਲ, ਤਪਾ ਕੇ, ਧਰਤੀ ਮਾਂ ਦੇ ਸੀਨੇ ਨੂੰ,
ਮੀਂਹ ਮੰਗਦੇ ਸ਼ਰਧਾਲੂ ਅੱਜ ਵੀ ਰੋਟ ਪਕਾਈ ਜਾਂਦੇ ਨੇ ।

ਕੰਕਰੀਟ ਦੇ ਜੰਗਲ ਵਾਸੀ, ਅੰਦਰੋਂ ਹੋ ਗਏ ਨੇ ਪੱਥਰ,
ਬਿਰਧ ਘਰਾਂ ਦੀ ਕਰਨ ਉਸਾਰੀ, ਬਿਰਖ਼ ਮੁਕਾਈ ਜਾਂਦੇ ਨੇ ।

ਤਨ ਦੇਸੀ ਪਰ ਮਨ ਪਰਦੇਸੀ ਹੌਲੀ ਹੌਲੀ ਹੋ ਜਾਂਦੇ,
ਪਿੰਡਾਂ ਵਾਲੇ ਜਦ ਸ਼ਹਿਰਾਂ ਵਿਚ ਕਰਨ ਕਮਾਈ ਜਾਂਦੇ ਨੇ ।

ਮਨ ਪਰਦੇਸੀ / 65