ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/59

ਇਹ ਸਫ਼ਾ ਪ੍ਰਮਾਣਿਤ ਹੈ



ਲਾਵੀਂ ਨਾ ਗਮਲੇ ਵਿਚ, ਧਰਤੀ ’ਚ ਉਗਾ ਮੈਨੂੰ ।
ਜੜ੍ਹ ਡੂੰਘੀ ਫ਼ੈਲਰ ਕੇ, ਮਹਿਕਣ ਦਾ ਚਾਅ ਮੈਨੂੰ ।

ਖ਼ੁਸ਼ਬੂ ਮਹਿਸੂਸ ਕਰੀਂ, ਚਾਵਾਂ ਵਿਚ, ਸਾਹਵਾਂ ਵਿਚ,
ਮੰਡੀ ਵਿਚ ਵੇਚੀਂ ਨਾ, ਮਿੱਟੀ ਦੇ ਭਾਅ ਮੈਨੂੰ ।

ਦਮ ਮੇਰਾ ਘੁਟਦਾ ਹੈ, ਪਥਰੀਲੇ ਘਰ ਅੰਦਰ,
ਮੈਂ ਜੀਣਾ ਚਾਹੁੰਦੀ ਹਾਂ, ਲੈ ਲੈਣ ਦੇ ਸਾਹ ਮੈਨੂੰ ।

ਜੰਗਲ ਦੀ ਛੋਹਰੀ ਹੈਂ, ਤੂੰ ਮੇਰੀ ਪੋਰੀ ਹੈਂ,
ਮੈਂ ਆਖਿਆ ਵੰਝਲੀ ਨੂੰ, ਕੋਈ ਤਾਨ ਸੁਣਾ ਮੈਨੂੰ ।

ਪਹਿਚਾਣ ਜ਼ਰਾ ਮੈਨੂੰ, ਮੈਂ ਤੇਰੀ ਸ਼ਕਤੀ ਹਾਂ,
ਟਾਹਣਾਂ ਨੂੰ ਛੇੜ ਜ਼ਰਾ ਤੇ ਪੌਣ ਝੁਲਾ ਮੈਨੂੰ ।

ਤੂੰ ਦੂਰ ਖਲੋਵੀਂ ਨਾ, ਮਗਰੂਰ ਨਾ ਹੋ ਜਾਵੀਂ,
ਜੇ ਆਪ ਨਹੀਂ ਆਉਣਾ ਤਾਂ ਕੋਲ ਬੁਲਾ ਮੈਨੂੰ ।

ਵੇਦਨ ਹਾਂ ਭਟਕ ਰਹੀ, ਬਿਨ ਦੇਹੀ ਅਜ਼ਲਾਂ ਤੋਂ,
ਸੁਰਤਾਲ ਚ ਬੰਨ੍ਹ ਮੈਨੂੰ ਤੇ ਗ਼ਜ਼ਲ ਬਣਾ ਮੈਨੂੰ ।

ਮਨ ਪਰਦੇਸੀ/59