ਇਹ ਸਫ਼ਾ ਪ੍ਰਮਾਣਿਤ ਹੈ
ਸ਼ਹਿਰ ਆ ਕੇ ਦਿਲ ਮਗਰੂਰ ਜਿਹਾ ਹੋ ਗਿਆ ।
ਖੁਸ਼ੀਆਂ ਦਾ ਡੇਰਾ ਤਾਹੀਓਂ ਦੂਰ ਜਿਹਾ ਹੋ ਗਿਆ ।
ਫੁੱਲਾਂ ਵਿਚ ਰੰਗ, ਖੁਸ਼ਬੋਈ ਮੇਰੇ ਅੰਗ ਸੰਗ,
ਕਣ ਕਣ ਮਹਿਕ ਭਰਪੂਰ ਜਿਹਾ ਹੋ ਗਿਆ ।
ਜਿਸਮਾਂ ਨੂੰ ਛੱਡ ਇਹ ਤਾਂ ਮਿੱਟੀ ਦੀਆਂ ਢੇਰੀਆਂ,
ਦਿਲ ਵੀ ਤਾਂ ਪਹਿਲਾਂ ਨਾਲੋਂ ਦੂਰ ਜਿਹਾ ਹੋ ਗਿਆ ।
ਜਾਬਰਾਂ ਦੇ ਵੱਸ ਵੇਖ ਨਾਬਰਾਂ ਦੀ ਜ਼ਿੰਦਗੀ,
ਸਾਬਰਾਂ ਦਾ ਦਿਲ ਕਿਉਂ ਮਨੂਰ ਜਿਹਾ ਹੋ ਗਿਆ ।
ਲਾਲ ਪੀਲਾ ਹੋਈ ਜਾਵੇਂ, ਚਿੱਟੇ ਖ਼ੂਨ ਵਾਲਿਆ,
ਜਾਪੇ ਤੂੰ ਵੀ ਧਰਤੀ ਤੋਂ ਦੂਰ ਜਿਹਾ ਹੋ ਗਿਆ ।
ਆਈ ਏ ਆਵਾਜ਼ ਮੈਨੂੰ ਦੁੱਲੇ ਵਾਲੀ ਬਾਰ ’ਚੋਂ,
ਰਾਵੀ ਦਿਆਂ ਪੱਤਣਾਂ ਤੇ ਨੂਰ ਜਿਹਾ ਹੋ ਗਿਆ ।
ਗ਼ਜ਼ਲਾਂ 'ਚੋਂ ਲੱਭ ਲਵੀਂ, ਦੱਸੀਂ ਤੂੰ ਪਛਾਣ ਕੇ,
ਮੈਥੋਂ ਮੇਰਾ ਪਿੰਡ ਕਿਵੇਂ ਦੂਰ ਜਿਹਾ ਹੋ ਗਿਆ ।
ਮਨ ਪਰਦੇਸੀ / 55