ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/54

ਇਹ ਸਫ਼ਾ ਪ੍ਰਮਾਣਿਤ ਹੈ



ਮਨ ਦਾ ਬਗੀਚਾ ਭਰਪੂਰ ਜਿਹਾ ਰਹਿੰਦਾ ਏ ।
ਅੱਖੀਆਂ ’ਚ ਤਾਹੀਓਂ ਹੀ ਸਰੂਰ ਜਿਹਾ ਰਹਿੰਦਾ ਏ ।

ਮੈਂ ਵੀ ਕਿਤੇ ਬੈਠਿਆ ਹਾਂ, ਧੁਰ ਤੇਰੇ ਦਿਲ ਵਿਚ,
ਏਸੇ ਲਈ ਹੀ ਅੱਖੀਆਂ ’ਚ ਨੂਰ ਜਿਹਾ ਰਹਿੰਦਾ ਏ ।

ਤਾਰਿਆਂ ਨੂੰ ਝੋਰਾ ਖਾਵੇ, ਕੱਲ੍ਹੇ ਕੱਲ੍ਹੇ ਹੋਣ ਵਾਲਾ,
ਕਾਹਦਾ ਫਿਰ ਚੰਨ ਨੂੰ ਗਰੂਰ ਜਿਹਾ ਰਹਿੰਦਾ ਏ ।

ਬੇਲਿਆਂ 'ਚ ਵੰਝਲੀ ਉਦਾਸ ਜਦੋਂ ਬੋਲਦੀ,
ਦਿਲ ਦਾ ਪਰਿੰਦਾ, ਮੈਥੋਂ ਦੂਰ ਜਿਹਾ ਰਹਿੰਦਾ ਏ ।

ਇਕ ਪਾਸੇ ਵਾਢੀਆਂ ਤੇ ਦੂਜੇ ਪਾਸੇ ਫੁੱਲ ਵੀ ਨੇ,
ਏਸ ਰੁੱਤੇ ਅੰਬਾਂ ਨੂੰ ਵੀ ਬੂਰ ਜਿਹਾ ਰਹਿੰਦਾ ਏ ।

ਜਦੋਂ ਕਦੇ ਕਰੇ ਕੋਸੇ ਸਾਹਾਂ ਦੀ ਟਕੋਰ ਮੈਨੂੰ,
ਓਸ ਪਿੱਛੋਂ ਦਿਲ ਮਖ਼ਮੂਰ ਜਿਹਾ ਰਹਿੰਦਾ ਏ ।

ਜਦੋਂ ਵੀ ਸਵੇਰ ਸਾਰ ਬੋਲ ਤੇਰੇ ਪੈਣ ਕੰਨੀਂ,
ਓਸ ਦਿਨ ਦਿਲ ਪੁਰਨੂਰ ਜਿਹਾ ਰਹਿੰਦਾ ਏ ।

ਮਨ ਪਰਦੇਸੀ / 54