ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/49

ਇਹ ਸਫ਼ਾ ਪ੍ਰਮਾਣਿਤ ਹੈ

ਹੌਕੇ ਜਦ ਵੀ ਰੋ ਰੋ ਪੱਥਰ ਹੋ ਜਾਂਦੇ ।
ਅੱਥਰੂ ਆ ਕੇ ਜੰਮੀ ਰੱਤ ਨੂੰ ਧੋ ਜਾਂਦੇ ।

ਕੁਝ ਕੌਡਾਂ ਲਈ ਬੰਦੇ ਵਿਕਦੇ ਵੇਖੇ ਨੇ,
ਲਾਲਚ ਖ਼ਾਤਰ ਅੰਨ੍ਹੇ ਬੋਲੇ ਹੋ ਜਾਂਦੇ ।

ਦੋਧੇ ਵਸਤਰ, ਬਗਲੇ ਇੱਕ ਲੱਤ ਭਾਰ ਖੜ੍ਹੇ,
ਚਤੁਰ ਸ਼ਿਕਾਰੀ, ਬਹੁਤ ਨਿਮਾਣੇ ਹੋ ਜਾਂਦੇ ।

ਜਿਹੜੇ ਲੋਕੀਂ ਧਰਤੀ ਮਾਂ ਨੂੰ ਮਾਂ ਸਮਝਣ,
ਅਪਣੀ ਰੱਤ ਵਿੱਚ ਤਨ ਦੀ ਮਿੱਟੀ ਗੋ ਜਾਂਦੇ ।

ਮੇਰੀ ਜ਼ਾਤ ਔਕਾਤ ਨਹੀਂ ਸੀ ਲਿਖ ਸਕਦਾ,
ਕਈ ਵਾਰੀ ਬੱਸ 'ਸ਼ਬਦ' ਸਿਆਣੇ ਹੋ ਜਾਂਦੇ ।

ਬੰਦੇ ਦੀ ਵਲਦੀਅਤ ਪੈਸਾ ਜਦ ਬਦਲੇ,
ਧਰਮ ਅਤੇ ਇਖ਼ਲਾਕ ਵੀ ਕਾਣੇ ਹੋ ਜਾਂਦੇ ।

ਮਨ ਪਰਦੇਸੀ / 49