ਇਹ ਸਫ਼ਾ ਪ੍ਰਮਾਣਿਤ ਹੈ
ਜਦੋਂ ਵਿਧੀ ਤੇ ਵਿਧਾਨ ਜਾਣ ਬੰਦੇ ਪਿੱਛੇ ਲੱਗ ।
ਉਦੋਂ ਚੰਗਾ ਭਲਾ ਦੇਸ਼ ਬਣੇ ਪਸ਼ੂਆਂ ਦਾ ਵੱਗ ।
ਜਿਹੜੇ ਸਿੱਧਾਂ ਨੇ ਸੁਧਾਰਨੀ ਸੀ ਜ਼ਿੰਦਗੀ ਦੀ ਤੋਰ,
ਉਨ੍ਹਾਂ ਲਾ ਲਈ ਏ ਸਮਾਧੀ, ਦੀਨ ਦੁਨੀ ਤੋਂ ਅਲੱਗ ।
ਮੇਰੀ ਅੱਖ ਵਿਚ ਅੱਥਰੂ, ਸਮੁੰਦਰਾਂ ਦੇ ਬੱਚੇ,
ਵੇਖ ਕਿੰਨੇ ਨੇ ਅਸੀਲ, ਕਦੇ ਛੱਡਦੇ ਨਾ ਝੱਗ ।
ਜਦੋਂ ਚੜ੍ਹਦੀ ਜਵਾਨੀ ਜਾਣ ਲਵੇ ਸਹੀ ਰਾਹ,
ਉਦੋਂ ਧੀਆਂ ਪੁੱਤ ਸਾਂਭ ਲੈਂਦੇ ਬਾਬਲੇ ਦੀ ਪੱਗ ।
ਜਿਹੜੀ ਹਿੱਕ ਵਿਚ ਬਲ਼ੇ, ਓਹੀ ਬਣਦੀ ਜਵਾਲਾ,
ਨਾ ਇਹ ਸਿਵਿਆਂ 'ਚ ਬਲ਼ੇ, ਨਾ ਹੀ ਚੁੱਲ੍ਹੇ ਵਾਲੀ ਅੱਗ ।
ਸਾਨੂੰ ਹੁਕਮਾਂ ਹਕੂਮਤਾਂ ਨੇ ਇਹੀ ਸਮਝਾਇਆ,
ਅੰਨ੍ਹੇ ਗੂੰਗੇ ਬੋਲੇ ਲੋਕ ਹੁੰਦੇ ਬੜੇ ਹੀ ਸੁਲੱਗ ।
ਜਿੰਨ੍ਹਾਂ ਮੱਥਿਆਂ 'ਚ ਜਾਗ ਪਵੇ "ਬਾਬੇ" ਵਾਲੀ ਅੱਖ,
ਉਹ ਤਾਂ ਲੈਂਦੇ ਨੇ ਪਛਾਣ, ਝੂਠੇ ਸੱਜਣਾਂ 'ਚੋਂ ਠੱਗ ।
ਮਨ ਪਰਦੇਸੀ /44