ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/42

ਇਹ ਸਫ਼ਾ ਪ੍ਰਮਾਣਿਤ ਹੈ

ਮਨ ਦੇ ਅੰਦਰ ਖ਼ਲਬਲੀ ਹੈ, ਬੋਲਦਾ ਕੋਈ ਨਹੀਂ ।
ਸਭ ਗੁਆਚੇ ਫਿਰ ਰਹੇ ਨੇ, ਟੋਲਦਾ ਕੋਈ ਨਹੀਂ ।

ਕਾਫ਼ਲੇ ਦੇ ਲੋਕ ਸਾਰੇ, ਦੂਰ ਮੈਥੋਂ ਦੂਰ ਨੇ,
ਹੈ ਅਜਬ ਬੇਗਾਨਗੀ ਰੂਹ ਕੋਲ ਦਾ ਕੋਈ ਨਹੀਂ ।

ਗੁੰਝਲਾਂ ਮਾਹੌਲ ਅੰਦਰ, ਪਿਲਚੀਆਂ ਨੇ ਆਂਦਰਾਂ,
ਪੀੜ ਦਿਲ ਦੀ ਕੋਲ ਬਹਿ ਕੇ ਫ਼ੋਲਦਾ ਕੋਈ ਨਹੀਂ ।

ਰੰਗ ਨੇ ਡੱਬੀਆਂ 'ਚ ਕੈਦੀ, ਹੋਲੀਆਂ ਖ਼ਾਮੋਸ਼ ਨੇ,
ਸਹਿਮੀਆਂ ਪੌਣਾਂ 'ਚ ਮਹਿਕਾਂ ਘੋਲਦਾ ਕੋਈ ਨਹੀਂ ।

ਮੋਰ ਦੇ ਪੈਰਾਂ 'ਚ ਡੋਰਾਂ, ਖੰਭ ਵੀ ਕਤਰੇ ਪਏ,
ਡੁਸਕਦੇ ਹਮਦਰਦ, ਐਪਰ ਖੋਲ੍ਹਦਾ ਕੋਈ ਨਹੀਂ ।

ਦੇਸ਼ ਮੇਰੇ ਨੂੰ ਲਿਆਕਤ ਦੀ ਕਦਰਦਾਨੀ ਨਹੀਂ,
ਏਸ ਵਾਂਗੂੰ ਅਕਲ ਨੂੰ ਤਾਂ ਰੋਲ਼ਦਾ ਕੋਈ ਨਹੀਂ ।

ਜਗ ਰਹੇ ਵਿਸ਼ਵਾਸ ਦੇ ਦੀਵੇ, ਹਨ੍ਹੇਰੀ ਤੇਜ਼ ਹੈ,
ਵੇਖ ਤੂੰ ਸਾਡੇ ਵੀ ਜ਼ੇਰੇ, ਡੋਲਦਾ ਕੋਈ ਨਹੀਂ ।

ਮਨ ਪਰਦੇਸੀ /42