ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/32

ਇਹ ਸਫ਼ਾ ਪ੍ਰਮਾਣਿਤ ਹੈ

ਵਗਦੇ ਪਾਣੀ ਨਾਲ ਅਜ਼ਲ ਤੋਂ ਮੇਰੀ ਗੂੜ੍ਹੀ ਯਾਰੀ ਹੈ।
ਸਾਨੂੰ ਤੁਰਨ ਸਿਖਾਇਆ ਇਸ ਨੇ, ਦੱਸਿਆ ਲਾਉਣਾ ਤਾਰੀ ਹੈ।

ਮਰ ਚੁੱਕੇ ਦਰਿਆਵਾਂ ਨੂੰ ਬਸ ਆਪਣੀ ਕਥਾ ਸੁਣਾਉਣੀ ਸੀ,
ਮੈਂ ਤਾਂ ਸਿਰਫ਼ ਸਮੁੰਦਰ ਅੰਦਰ ਛਾਲ ਏਸ ਲਈ ਮਾਰੀ ਹੈ।

ਗਰਮੀ ਖਾਂਦਾ, ਰੂਪ ਬਦਲਦਾ, ਅੰਬਰ ਨੂੰ ਤੁਰ ਜਾਂਦਾ ਹੈ,
ਬੱਦਲ ਬਣ ਕੇ ਵਰ੍ਹੇ ਸਮੁੰਦਰ, ਫਿਰ ਵੀ ਧਰਤੀ ਪਿਆਰੀ ਹੈ।

ਇਸ ਦੀ ਬੁੱਕਲ ਦੇ ਵਿਚ ਰੀਝਾਂ, ਸੁਪਨ ਪਰਿੰਦੇ ਦਫ਼ਨ ਪਏ,
ਘੋਗੇ ਸਿੱਪੀਆਂ ਅੰਦਰ ਜ਼ਿੰਦਗੀ, ਕੈਸਾ ਅਜਬ ਸ਼ਿਕਾਰੀ ਹੈ।

ਖੁੱਲ੍ਹੀਆਂ ਅੱਖਾਂ ਨਾਲ ਨਿਰੰਤਰ, ਵੇਖੀਂ ਜ਼ਰਾ ਸਮੁੰਦਰ ਨੂੰ,
ਸਮਝ ਲਵੇਂਗਾ ਲਹਿਰਾਂ ਅੰਦਰ, ਹੁੰਦੀ ਅਜਬ ਉਡਾਰੀ ਹੈ।

ਆਦਮ ਬੋ , ਆਦਮ ਬੋ ਕਰਦਾ, ਚੀਰੀ ਜਾਵੇ ਰੋਜ਼ ਗਲੋਬ,
ਨਵੀਂ ਸਦੀ ਦਾ ਅਜਬ ਕੋਲੰਬਸ, ਜਿਸਦੇ ਹੱਥ ਵਿਚ ਆਰੀ ਹੈ।

ਤਲਖ਼ ਸਮੁੰਦਰ ਕਰੇ ਤਬਾਹੀ, ਸਮਝ ਰਤਾ ਗੁਰਭਜਨ ਸਿਹਾਂ,
ਅਸਲਾ ਚੁੱਕ ਕੇ ਤੁਰਿਆ ਫਿਰਨਾ, ਕਿੱਧਰਲੀ ਸਰਦਾਰੀ ਹੈ।

ਮਨ ਪਰਦੇਸੀ / 32