ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/30

ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਸੂਰਜ ਹਨ੍ਹੇਰਾ ਖਾ ਰਿਹਾ ਹੈ।
ਫ਼ਿਜ਼ਾ 'ਚੋਂ ਨਿੱਘ ਖੁਰਦਾ ਜਾ ਰਿਹਾ ਹੈ।

ਸ਼ਹਿਰ ਵਿਚ ਲੱਗ ਰਿਹਾ ਆਰੇ ਤੇ ਆਰਾ,
ਅਜੇ ਵੀ ਪਿੰਡ ਨਿੰਮਾਂ ਲਾ ਰਿਹਾ ਹੈ।

ਨਦੀ ਦੇ ਨੀਰ ਨੂੰ ਮੁੱਠੀ 'ਚ ਕਰਕੇ,
ਕੋਈ ਫ਼ਸਲਾਂ ਨੂੰ ਸੁੱਕਣੇ ਪਾ ਰਿਹਾ ਹੈ।

ਤੇਰੀ ਸ਼ਹਿਰੀ ਹਵਾ ਦਾ ਜ਼ਹਿਰਾ ਕੈਸਾ,
ਮੇਰੇ ’ਚੋਂ ਪਿੰਡ ਮਰਦਾ ਜਾ ਰਿਹਾ ਹੈ।

ਇਸੇ ਨੇ ਚੱਬ ਜਾਣੀ 'ਧਰਤ' ਸਾਡੀ,
ਇਹ ਜੋ ‘ਸੰਸਾਰ’ ਤੁਰਿਆ ਆ ਰਿਹਾ ਹੈ।

ਇਹ ਬਲਦੀ ਅੱਗ ਨਾ ਬੁੱਝੇ, ਸੰਭਾਲੋ,
ਕੋਈ ਭੱਠੀ ਤੇ ਪਾਣੀ ਪਾ ਰਿਹਾ ਹੈ।

ਮਲਾਹੋ! ਵਰਤਿਓ ਹੁਣ ਸਾਵਧਾਨੀ,
ਸਮੁੰਦਰ ਫੇਰ ਖੌਰੂ ਪਾ ਰਿਹਾ ਹੈ।

ਗੁਆਚੇ ਮਾਣ ਨਾ ਧਰਤੀ ਦਾ ਪੁੱਤਰੋ,
ਸੁਣੋ! ਦਰਵੇਸ਼ ਇਹ ਕੀ ਗਾ ਰਿਹਾ ਹੈ?

ਮਨ ਪਰਦੇਸੀ / 30