ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਾਹੀਦੇ ਹਨ, ਜਿਸ ਨਾਲ ਪਾਠਕ ਤੁਹਾਡੇ ਤੋਂ ਕੁਝ ਵੱਧ ਵੀ ਸੋਚ ਸਕੇ।

ਗ਼ਜ਼ਲ ਪ੍ਰਿਜ਼ਮ ਦੇ ਸ਼ੀਸ਼ੇ ਵਾਂਗ ਵੇਖਣ ਨੂੰ ਸਾਦ-ਮੁਰਾਦੀ ਲੱਗੇ ਪਰ ਸਤਰੰਗੀ ਪੀਂਘ ਦਾ ਨਜ਼ਾਰਾ ਵਿਖਾ ਸਕੇ। ਅਧੂਰੀ ਗੱਲ ਕਦੇ ਨਾ ਕਰੋ। ਸ਼ਿਅਰ ਸੰਪੂਰਨ ਕਥਾ ਹੈ। ਕਥਾ ਅਧੂਰੀ ਨਾ ਰਹੇ।

ਨਵੇਂ ਪੰਜਾਬੀ ਗ਼ਜ਼ਲਕਾਰਾਂ ਨੂੰ ਤੁਸੀਂ ਕੀ ਸੁਝਾਅ ਦੇਣਾ ਚਾਹੋਗੇ?

-ਨਵੇਂ ਗ਼ਜ਼ਲਕਾਰ ਵੱਧ ਤੋਂ ਵੱਧ ਪੜ੍ਹਨ। ਪੂਰਬਲੇ ਗ਼ਜ਼ਲਕਾਰਾਂ ਦੀ ਸਿਰਜਣਾ ਜਾਣ ਕੇ ਹੀ ਅਸੀਂ ਆਪਣੀ ਮੌਲਿਕ ਗ਼ਜ਼ਲ ਦੀ ਸਿਰਜਣਾ ਯਕੀਨੀ ਬਣਾ ਸਕਦੇ ਹਾਂ। ਰੀਸ ਕਰਨ ਦੀ ਪ੍ਰਵਿਰਤੀ ਬਹੁਤ ਘਾਤਕ ਹੈ। ਪਹਿਲਾਂ ਚਿੱਥੇ ਤੇ ਲਿਖੇ ਵਿਸ਼ਿਆਂ ਬਾਰੇ ਲਿਖਣ ਤੋਂ ਗੁਰੇਜ਼ ਕੀਤਾ ਜਾਵੇ। ਵੱਧ ਤੋਂ ਵੱਧ ਪੂਰਬਲੇ ਪੰਜਾਬੀ ਹਿੰਦੀ, ਉਰਦੂ ਕਵੀਆਂ ਦਾ ਕਲਾਮ ਪੜਿਆ ਜਾਵੇ। ਮੁਹਾਵਰਾ ਪੱਕ ਕਰਨ ਲਈ ਵੱਧ ਤੋਂ ਵੱਧ ਪੜ੍ਹਨਾ ਲਾਜ਼ਮੀ ਹੈ। ਉਸਤਾਦ-ਸ਼ਾਗਿਰਦ ਪਰੰਪਰਾ ਤੁਹਾਡੇ ਸਿਰਜਕ ਆਪੇ ਨੂੰ ਸੀਮਤ ਕਰ ਦਿੰਦੀ ਹੈ। ਆਪਣੇ ਉਸਤਾਦ ਵਾਲੇ ਗਿਆਨ ਨਾਲ ਹੀ ਗੁਜ਼ਾਰਾ ਕਰਨ ਦੀ ਆਦਤ ਪੈ ਜਾਂਦੀ ਹੈ। ਗਿਆਨ ਅਭਿਲਾਖੀ ਦੰਦ ਚਿੱਥਣੋਂ ਰਹਿ ਜਾਂਦੇ ਹਨ। ਵੱਖ-ਵੱਖ ਅੰਬਰਾਂ 'ਤੇ ਉਡਾਰੀਆਂ ਭਰਨ ਨਾਲ ਹੀ ਕਲਮ ਵਿੱਚ ਪੱਕਤਾ ਆ ਸਕਦੀ ਹੈ। ਇਹ ਸਭ ਗੱਲਾਂ ਚੇਤੇ ਰੱਖੀਏ ਤਾਂ ਸ਼ਾਇਰੀ ਤੁਹਾਡੇ ਸਦਾ ਅੰਗ-ਸੰਗ ਰਹਿੰਦੀ ਹੈ।

ਦੋਸਤੋ! ਮੇਰਾ ਸੁਭਾਗ ਹੈ ਕਿ ਮੈਂ ਪੰਜਾਬ ਦੇ ਕੇਂਦਰੀ ਸ਼ਹਿਰ ਲੁਧਿਆਣਾ 'ਚ 1971 ਤੋਂ ਰਹਿ ਰਿਹਾ ਹਾਂ। ਦੇਸ਼-ਬਦੇਸ਼ ਵਿੱਚ ਅਨੇਕਾਂ ਵਾਰ ਵਿਚਰਿਆ ਹਾਂ। ਪਾਕਿਸਤਾਨ, ਅਮਰੀਕਾ, ਕੈਨੇਡਾ, ਇੰਗਲੈਂਡ ਤੇ ਜਰਮਨੀ ਵਿੱਚ ਵਿਸ਼ੇਸ਼ ਯਾਤਰਾਵਾਂ ਕੀਤੀਆਂ ਹਨ। ਬਹੁਤ ਕੁਝ ਹਿਣ ਕੀਤਾ ਹੈ। ਲੁਧਿਆਣੇ ਦੀ ਅਦਬੀ ਫ਼ਿਜ਼ਾ 'ਚ ਵਿਚਰਦੇ ਸਭ ਵੱਡੇ-ਛੋਟੇ ਲੇਖਕਾਂ ਤੋਂ ਸੁਨੇਹ ਲਿਆ ਹੈ। ਪ੍ਰੋ. ਮੋਹਨ ਸਿੰਘ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਅਜਾਇਬ ਚਿਤਰਕਾਰ, ਕ੍ਰਿਸ਼ਨ ਅਦੀਬ ਤੋਂ ਇਲਾਵਾ ਡਾ. ਮ. ਸ. ਰੰਧਾਵਾ ਦੀ ਪੰਜਾਬੀ ਸਾਹਿਤ ਅਕਾਡਮੀ ਪ੍ਰਧਾਨਗੀ ਹੇਠ 1980 ਤੋਂ ਮੈਂ ਪਹਿਲਾਂ 1984-88 ਤੀਕ ਕਾਰਜਕਾਰਨੀ ਵਿੱਚ ਤੇ ਮਗਰੋਂ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਦਿਆਂ ਪ੍ਰਧਾਨਗੀ ਤੀਕ ਵੰਨ-ਸੁਵੰਨੇ ਤਜ਼ਰਬਿਆਂ ਤੇ ਹਾਲਾਤ ਵਿੱਚੋਂ ਲੰਘਿਆ ਹਾਂ। ਮੇਰੀ ਸਿਰਜਣਾ ’ਚ ਮੇਰੇ ਪਰਿਵਾਰ ਦਾ ਹਮੇਸ਼ਾਂ ਹੀ ਮੁਹੱਬਤੀ ਸਹਿਯੋਗ ਰਿਹਾ ਹੈ। ਮੇਰੀ ਸਿਰਜਣਾ ਦਾ ਸਫ਼ਰ ਖੱਟੇ-ਮਿੱਠੇ ਤਜ਼ਰਬਿਆਂ ਦਾ ਜੋੜਫ਼ਲ ਹੈ। ਉਮੀਦ ਹੈ, ਤੁਸੀਂ ਹਮੇਸ਼ਾਂ ਵਾਂਗ ਇਸ ਕਿਤਾਬ ਨੂੰ ਵੀ ਹੁੰਗਾਰਾ ਭਰੋਗੇ।

-ਗੁਰਭਜਨ ਗਿੱਲ

ਮਨ ਪਰਦੇਸੀ / 15