ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੱਕ ਸੱਚ ਇਨਸਾਫ਼ ਦਾ ਪਹਿਰੂ, ਡਾਂਗ* ਦੇ ਵਰਗਾ ਯਾਰ ਤੁਰ ਗਿਆ।
ਲੋਕ ਅਜੇ ਵੀ ਜਾਰੀ ਕਿਉਂ ਨਹੀਂ, ਲੈ ਕੇ ਰੂਹ ਤੇ ਭਾਰ ਤੁਰ ਗਿਆ।

ਲੋਕ-ਸ਼ਕਤੀਆਂ ਫਾੜੀ ਫਾੜੀ, ਖੱਖੜੀਆਂ ਖ਼ਰਬੂਜ਼ੇ ਹੋਈਆਂ,
ਇਕ ਹਿੱਕੜੀ ਵਿੱਚ ਧੜਕਣ ਕਿਉਂ ਨਾ, ਲੈ ਕੇ ਸੋਚ ਵਿਚਾਰ ਤੁਰ ਗਿਆ।

ਸੰਘਰਸ਼ਾਂ ਦਾ ਅਣਥੱਕ ਯੋਧਾ ਵਾਹੋ ਦਾਹੀ ਤੁਰਦਾ ਤੁਰਦਾ,
ਨੇਕੀ ਦੀ ਗਠੜੀ ਨੂੰ ਚੁੱਕੀ, ਅਹੁ ਸੂਰਜ ਤੋਂ ਪਾਰ ਤੁਰ ਗਿਆ।

ਪੈਰੀਂ ਛਾਲੇ, ਅੱਖ ਵਿੱਚ ਅੱਥਰੂ, ਅਮਨ ਦੇ ਚਿੱਟੇ ਪਰਚਮ ਵਾਲਾ,
ਗੋਲੀਮਾਰਾਂ ਦੀ ਬਸਤੀ ਵਿੱਚ, ਸਭਨਾਂ ਨੂੰ ਲਲਕਾਰ ਤੁਰ ਗਿਆ।

ਜ਼ੋਰ ਜਬਰ ਦੀ ਤੇਜ਼ ਹਨ੍ਹੇਰੀ, ਅੱਗੇ ਅੜਿਆ ਪਰ ਨਾ ਝੜਿਆ,
ਕਿਰਤ-ਕਰਮ ਦਾ ਸੰਤ ਸਿਪਾਹੀ, ਦੂਰ ਦੁਮੇਲੋਂ ਪਾਰ ਤੁਰ ਗਿਆ।

ਕਲਮ ਉਦਾਸ, ਸਿਆਹੀ ਸੁੱਕੀ, ਕੋਰੇ ਵਰਕ ਉਡੀਕ ਰਹੇ ਨੇ,
ਲੱਭਦੇ ਫਿਰਨ "ਵਿਚਾਰ" ਵਿਚਾਰੇ, ਕਿੱਧਰ ਮਹਿਰਮ ਯਾਰ ਤੁਰ ਗਿਆ।

ਉਹਦੇ ਵਰਗਾ ਉਹੀ ਸੀ, ਬੱਸ, ਹੋਰ ਨਹੀਂ ਸੀ ਉਹਦੇ ਵਰਗਾ,
ਅਗਨ-ਪੰਖੇਰੂ ਜਗਦਾ ਮਘਦਾ, ਕਰਦਾ ਮਾਰੋ ਮਾਰ ਤੁਰ ਗਿਆ।

ਵੱਡੀ ਬੁੱਕਲ ਵਾਲਾ ਬਾਬਾ, ਸੱਤ ਉਂਗਲਾਂ ਘੱਟ ਸਦੀ ਹੰਢਾ ਕੇ,
ਨਾ ਧਿਰਿਆਂ ਦੀ ਧਿਰ ਦੇ ਵਰਗਾ, ਲੋਕਾਂ ਦਾ ਇਤਬਾਰ ਤੁਰ ਗਿਆ।

ਛੇਹਰਟੇ ਵਿੱਚ ਸਤਵਾਂ ਖੂਹ ਸੀ, ਨਿਰਮਲ ਜਲ ਦਾ ਅਣਮੁੱਕ ਸੋਮਾ,
ਮਸ਼ਕਾਂ ਭਰ ਭਰ ਵੰਡਦਾ ਵੰਡਦਾ, ਬਿਨ ਕੀਤੇ ਇਕਰਾਰ ਤੁਰ ਗਿਆ।

ਮਾਂ ਧਰਤੀ ਨੂੰ ਸੱਚ ਨਹੀਂ ਆਉਂਦਾ, ਪੁੱਛਦੀ ਫਿਰਦੀ ਅੰਬਰ ਕੋਲੋਂ,
ਦੱਸ ਵੇ ਅੜਿਆ ਕਿਹੜੇ ਰਾਹੀਂ, ਮੇਰਾ ਬਰਖ਼ੁਰਦਾਰ ਤੁਰ ਗਿਆ।

  • ਸੱਤ ਪਾਲ ਡਾਂਗ

ਮਨ ਪਰਦੇਸੀ /104