ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/50

ਇਹ ਸਫ਼ਾ ਪ੍ਰਮਾਣਿਤ ਹੈ

ਯਤਨ ਕਰਾਂਗਾ ਮੱਥੇ ਵਿਚਲੀ ਬਲਦੀ ਅੱਗ ਨੂੰ ਠਾਰ ਦਿਆਂ।
ਆਪਣੇ ਵਿਚਲਾ ਅੱਥਰਾ ਘੋੜਾ ਮਾਰ ਮਾਰ ਕੇ ਮਾਰ ਦਿਆਂ।

ਸਰਦੀ ਰੁੱਤੇ ਸੇਕ ਨਹੀਂ ਪਰ ਜੇਠ ਹਾੜ੍ਹ ਨੂੰ ਤਪਦਾ ਹੈ,
ਰੋਜ਼ ਸੋਚਨਾਂ ਏਸ ਕਿਸਮ ਦੇ ਸੂਰਜ ਨੂੰ ਦੁਰਕਾਰ ਦਿਆਂ।

ਕੋਰੇ ਕਾਗਜ਼ 'ਤੇ ਨਾ ਐਵੇਂ ਨਵੀਆਂ ਲੀਕਾਂ ਵਾਹ ਦੇਵੇ,
ਪੁੱਤਰ ਕੋਲੋਂ ਕਾਪੀ ਖੋਹ ਕੇ ਰੱਦੀ ਚੋਂ ਅਖ਼ਬਾਰ ਦਿਆਂ।

ਵੱਖਰੇ ਵੱਖਰੇ ਮੋਰਚਿਆਂ ਤੇ ਵੰਨ ਸੁਵੰਨੇ ਦੁਸ਼ਮਣ ਨੇ,
ਇਕ ਇਕੱਲਾ ਕਿੱਧਰ ਕਿੱਧਰ ਕਿਸ ਕਿਸ ਨੂੰ ਮੈਂ ਹਾਰ ਦਿਆਂ।

ਪੱਥਰਾਂ ਦੀ ਬਰਸਾਤ 'ਚ ਟੁੱਟੇ ਸ਼ੀਸ਼ੇ ਵਰਗੇ ਸੁਪਨੇ ਸਭ,
ਫਿਰ ਵੀ ਪੱਥਰ ਚਹੁੰਦੇ ਨੇ ਮੈਂ ਪੱਥਰਾਂ ਨੂੰ ਸਤਿਕਾਰ ਦਿਆਂ।

ਤਲਖ਼ ਤਜਰਬੇ ਕੋਲ ਗਵਾਹ ਨੇ ਨਾ ਲਿਫ਼ਿਆ ਨ ਮੁੜਿਆ ਹਾਂ,
ਯਤਨ ਕਰਾਂਗਾ ਏਦਾਂ ਤਣ ਕੇ ਬਾਕੀ ਰਾਤ ਗੁਜ਼ਾਰ ਦਿਆਂ।

ਨ ਖ਼ਤ ਆਵੇ ਨਾ ਖ਼ਤ ਜਾਵੇ ਫਿਰ ਵੀ ਸਾਂਝ ਅਜੇ ਬਾਕੀ,
ਕੇਹੇ ਧਾਗੇ ਨਾਲ ਜਕੜਿਆ ਸੱਜਣਾਂ ਹੱਦੋਂ ਪਾਰ ਦਿਆਂ।

50- ਮਨ ਦੇ ਬੂਹੇ ਬਾਰੀਆਂ