ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/135

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਪੌਣ ਬੈਰਾਗਣ ਹਾਂ ਬਾਹਾਂ ਵਿਚ ਭਰ ਮੈਨੂੰ।
ਵਗਦੀ ਹਾਂ ਅਗਨ ਨਦੀ ਇੱਕ ਵਾਰੀ ਤਰ ਮੈਨੂੰ।

ਸੱਤ ਸੁਰ ਜਾਗਣਗੇ ਸਾਹਾਂ ਦੀ ਵੰਝਲੀ 'ਚੋਂ,
ਪਥਰਾਏ ਹੋਠਾਂ 'ਤੇ ਇਕ ਵਾਰੀ ਧਰ ਮੈਨੂੰ।

ਮੌਸਮ ਦੀ ਕਰੋਪੀ ਤੋਂ ਬਚ ਕੇ ਵੀ ਝੂਮ ਰਹੀ,
ਇੱਕ ਸੁੰਨੀ ਟਾਹਣੀ ਹਾਂ ਫੁੱਲਾਂ ਸੰਗ ਭਰ ਮੈਨੂੰ।

ਬਾਜ਼ਾਰੀ ਦੌਰ ਅੰਦਰ ਹਰ ਰੀਝ ਬਣੀ ਵਸਤੂ,
ਬਾਲਣ ਨਾ ਬਣ ਜਾਵਾਂ ਲੱਗਦਾ ਹੈ ਡਰ ਮੈਨੂੰ।

ਅਣਮਾਣੀ ਕਸਤੂਰੀ ਜਿਉਂ ਹਿਰਨ ਦੀ ਨਾਭੀ ਵਿਚ
ਆਪਣੇ ਵਿਚ ਘੋਲ ਜ਼ਰਾ ਸਾਹਾਂ ਵਿਚ ਭਰ ਮੈਨੂੰ।

ਇਕ ਰੀਝ ਅਧੂਰੀ ਹਾਂ ਅਣਗਾਏ ਗੀਤ ਜਹੀ,
ਤੇਰੇ ਹੱਥ ਤਾਰ ਮਿਰੀ ਸੁਰਤਾਲ 'ਚ ਕਰ ਮੈਨੂੰ।

ਉਮਰਾਂ ਦੀ ਤੜਪਣ ਜੋ ਸਭ ਤੇਰੇ ਅਰਪਣ ਹੈ,
ਮਿੱਟੀ ਦੀ ਕੀਹ ਮਰਜ਼ੀ ਜੋ ਚਾਹੇਂ ਕਰ ਮੈਨੂੰ।

ਤਪਦੇ ਹੋਏ ਆਵੇ ਵਿਚ ਲਾਟਾਂ ਦੇ ਕਲਾਵੇ ਵਿਚ,
ਕੋਈ ਨਰਮ ਕਰੂੰਬਲ ਹੈ, ਤੇਰਾ ਇੱਕ ਦਰ ਮੈਨੂੰ।

ਮਨ ਦੇ ਬੂਹੇ ਬਾਰੀਆਂ - 135