ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਹਕੂਮਤ ਨੂੰ ਕਹਾਂਗਾ ਬੇਘਰਾਂ ਨੂੰ ਘਰ ਦਿਓ।
ਨੀਵੀਆਂ ਥਾਵਾਂ ਨੂੰ ਉਚੀਆਂ ਦੇ ਬਰਾਬਰ ਕਰ ਦਿਓ।

ਏਸ ਉੱਚੀ ਕੰਧ ਦੇ ਉਸ ਪਾਰ ਹੈ ਸੂਰਜ ਦਾ ਵਾਸ,
ਢਾਹ ਦਿਉ ਧੁੱਪ ਵਾਸਤੇ ਦੀਵਾਰ ਪਾਲੇ ਠਰਦਿਓ।

ਏਸ ਨੇ ਸਿੱਟੇ ਜੇ ਖਾਧੇ ਦਾਣੇ ਕਿੱਥੋਂ ਆਉਣਗੇ,
ਡਾਂਗ ਮਾਰੋ ਬਾਹਰ ਕੱਢੋ, ਸਾਨ੍ਹ ਕੋਲੋਂ ਡਰਦਿਓ।

ਸਿਦਕ ਇਸ ਤੋਂ ਬਾਅਦ ਕਿਧਰੇ ਨਾ ਬਣੇ ਆਦਮ ਜਹੀ,
ਜਾਬਰਾਂ ਨੂੰ ਭਾਂਜ ਦੋਵੇ, ਜਬਰ ਪਿੰਡੇ ਜਰਦਿਓ।

ਜੋ ਵੀ ਕਰਨਾ ਹੈ, ਕਰੋ ਅੱਜ ਹੀ, ਹੁਣੇ ਹੀ ਦੋਸਤੋ,
ਵਕਤ ਨਾ ਕਰਦਾ ਉਡੀਕਾਂ ਕਦਮ ਅੱਗੇ ਧਰ ਦਿਓ।

ਨਾ ਸਹੀ, ਜੇ ਕਦਰਦਾਨੀ, ਰੌਸ਼ਨੀ ਦੀ ਸ਼ਹਿਰ ਵਿਚ,
ਨ੍ਹੇਰੀਆਂ ਗਲੀਆਂ 'ਚ ਜਗ ਕੇ ਪਿੰਡ ਰੌਸ਼ਨ ਕਰ ਦਿਓ।

ਵੇਖਿਆ ਕਿੰਝ ਉਲਝਿਆ ਹੈ ਧਰਤ ਦਾ ਸਾਰਾ ਨਿਜ਼ਾਮ,
ਹੇ ਰਵੀ, ਹੇ ਚੰਦਰਮਾ, ਹੇ ਤਾਰਿਓ ਅੰਬਰ ਦਿਓ।

134- ਮਨ ਦੇ ਬੂਹੇ ਬਾਰੀਆਂ