ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੂੰਏ ਵਿਚ ਗੁਆਚ ਗਿਆ ਹੈ ਨੀਲਾ ਅੰਬਰ।
ਕਿੱਦਾਂ ਜੀਵਾਂਗਾ ਮੈਂ ਪੀ ਕੇ ਤਲਖ਼ ਸਮੁੰਦਰ।

ਧਰਤੀ ਉੱਪਰ ਡੁੱਬਦਾ ਟੇਢਾ ਸੂਰਜ ਵੇਖੋ,
ਮਾਂ ਦੀ ਹਿੱਕ ਤੇ ਖੋਭ ਰਿਹਾ ਏ ਸੂਹਾ ਖੰਜਰ।

ਤਪਦੀ ਧਰਤੀ ਛਾਲੇ ਛਾਲੇ ਮਨ ਦਾ ਵਿਹੜਾ,
ਦੱਸੋ ਏਥੇ ਕਿੱਸਰਾਂ ਆ ਕੇ ਛਣਕੇ ਝਾਂਜਰ।

ਸੁਰਖ਼ ਲਹੂ ਨੂੰ ਪੀ ਕੇ ਪੱਤੇ ਸੂਹੇ ਹੋਏ,
ਬਲਦਾ ਕੇਸੂ ਪਹਿਨ ਖੜ੍ਹਾ ਹੈ ਅੱਗ ਦੇ ਬਸਤਰ।

ਉੱਲੂ ਨੂੰ ਇਲਜ਼ਾਮ ਜ਼ਮਾਨਾ ਐਵੇਂ ਦੇਵੇ,
ਬਦਨੀਤਾਂ ਨੇ ਵਸਦਾ ਸ਼ਹਿਰ ਬਣਾਇਆ ਖੰਡਰ।

ਗਾਨੀ ਵਾਲੇ ਤੋਤੇ ਉਹ ਦੁਹਰਾਈ ਜਾਵਣ,
ਜੋ ਕੁਝ ਬੋਲਣ ਰਾਜ ਭਵਨ ਦੇ ਸੀਲ ਕਬੂਤਰ।

132- ਮਨ ਦੇ ਬੂਹੇ ਬਾਰੀਆਂ