ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੌਣ ਜਿਵੇਂ ਤਿਰਹਾਈ ਹੋਵੇ।
ਪਾਣੀ ਪੀਵਣ ਆਈ ਹੋਵੇ ।

ਅੰਬਰੀਂ ਲਿਸ਼ਕੀ ਬਿਜਲੀ ਜੀਕੂੰ,
ਸਾਡੇ ਤੇ ਮੁਸਕਾਈ ਹੋਵੇ ।

ਤੂੰ ਜਦ ਅੱਖਾਂ ਫੇਰ ਲਵੇਂ ਤਾਂ,
ਸਾਰੀ ਧਰਤ ਪਰਾਈ ਹੋਵੇ ।

ਕਾਲੀ ਰਾਤ ਲਿਸ਼ਕਦੇ ਤਾਰੇ,
ਤੂੰ ਜਿਓਂ ਮਾਂਗ ਸਜਾਈ ਹੋਵੇ।

ਹੌਕੇ ਦਾ ਦੁੱਖ ਓਹੀ ਜਾਣੇ,
ਜਿਸ ਇਹ ਜੂਨ ਹੰਢਾਈ ਹੋਵੇ।

ਜੀਵਨ ਐਸੀ ਉਮਰ ਕੈਦ ਹੈ,
ਮਰਨੋਂ ਬਾਦ ਰਿਹਾਈ ਹੋਵੇ।

ਰੋਜ਼ ਉਡੀਕਾਂ ਤੇਰੀ ਚਿੱਠੀ,
ਪਹੁੰਚੇ ਤਾਂ ਜੇ ਪਾਈ ਹੋਵੇ।

ਤੇਰੇ ਨਾਲ ਬਿਤਾਏ ਪਲ ਜਿਉਂ,
ਅੰਬਰੀਂ ਪੀਂਘ ਚੜ੍ਹਾਈ ਹੋਵੇ।

ਮਨ ਦੇ ਬੂਹੇ ਬਾਰੀਆਂ - 119