ਲਫ਼ਜ਼ਾਂ ਦੇ ਸੁਰ ਨੇ ਮਿਲਕੇ 'ਨ੍ਹੇਰੇ' ਨੂੰ ਚੀਰਨਾ ਹੈ,
ਖ਼ਾਮੋਸ਼ੀਆਂ ਨੂੰ ਤੋੜੋ ਦਰਦੀਲੀ ਹੇਕ ਲਾ ਕੇ।
ਜਿਹੜੇ ਲੋਕ ਇਹ ਕਹਿੰਦੇ ਹਨ ਕਿ ਗ਼ਜ਼ਲ ਵਿਚ ਸਾਰੇ ਸਰੋਕਾਰ ਨਹੀਂ ਸਮੇਟੇ ਜਾ ਸਕਦੇ ਉਹਨਾਂ ਨੂੰ ਗੁਰਭਜਨ ਦੀ ਸ਼ਾਇਰੀ ਜ਼ਰੂਰ ਪੜ੍ਹਨੀ ਚਾਹੀਦੀ ਹੈ। ਪਿੰਡਾਂ ਵਿਚ ਆ ਰਹੇ ਬਦਲਾਉ ਤੋਂ ਲੈ ਕੇ ਸ਼ਹਿਰੀ ਲੋਕਾਂ ਦੀ ਤੋਤਾ ਚਸ਼ਮੀ ਤਕ, ਪਿਆਰ ਮੁਹੱਬਤ ਦੇ ਪਾਕ ਜਜ਼ਬੇ ਵਿਚ ਆ ਰਹੀ ਖੁਦਗਰਜ਼ੀ ਤੇ ਮਨਾਫ਼ਕਤ (hypocrisy) ਤੋਂ ਇਨਸਾਨੀ ਰਿਸ਼ਤਿਆਂ ਵਿਚ ਪੈ ਰਹੀਆਂ ਵਿੱਥਾਂ ਤਕ, ਪਦਾਰਥਾਂ ਦੇ ਮੰਡੀਕਰਨ ਤੋਂ ਲੈ ਕੇ ਇਕਲਾਪੇ ਦੀ ਕੁੰਠਾ ਤਕ, ਦੇਸ਼ ਦੀ ਵੰਡ ਦੇ ਦੁਖਾਂਤ ਦੇ ਸਰਾਪੇ ਪੰਜਾਬ ਦੇ ਸੰਤਾਪ ਤਕ ਤੇ ਹਾਸ਼ੀਏ ਤਕ ਸੀਮਤ ਲੋਕਾਂ ਦੇ ਸਰੋਕਾਰਾਂ ਦੀ ਅਭਿਵਿਅਕਤੀ ਸਹਿਜੇ ਹੀ ਉਸਦੀਆਂ ਗ਼ਜ਼ਲਾਂ ਵਿਚ ਵੇਖੀ ਜਾ ਸਕਦਾ ਹੈ। ਕੁਝ ਸ਼ਿਅਰ ਵੇਖੋ:
ਸੋਚਾਂ ਦੀ ਹਨੇਰੀ ਵਿਚ ਮੈਂ ਖਿੰਡ ਗਿਆਂ ਏਦਾਂ,
ਬੂਹੇ ਤੇ ਖੜੋਤਿਆਂ ਵੀ ਸੌ ਮੀਲ 'ਤੇ ਘਰ ਲੱਗੇ।
ਮੀਂਹ ਦਾ ਪਾਣੀ ਹੜ੍ਹ ਦਾ ਪਾਣੀ ਏਥੇ ਆਣ ਖਲੋਵੇ,
ਨੀਵੀਂ ਥਾਂ ਤੇ ਉੱਗੇ ਰੁੱਖ ਨੂੰ ਡਾਢੀ ਸਖ਼ਤ ਸਜ਼ਾ।
ਕੌਣ ਕਰੇ ਮਹਿਮਾਨ ਨਵਾਜ਼ੀ ਪਿੰਡ ਗਿਆਂ ਤੇ ਸਾਡੀ,
ਦੋਧੀ ਲੈ ਗਏ ਦੁੱਧ ਨਗਰ ਨੂੰ ਮਿੱਲਾਂ ਵਾਲੇ ਗੰਨੇ।
ਵਾਸਤਵ ਵਿਚ ਉਸਦੀਆਂ ਗ਼ਜ਼ਲਾਂ ਵਿਚ ਏਨੇ ਪਹਿਲੂ ਹਨ ਕਿ ਸਾਰਿਆਂ ਦਾ ਜ਼ਿਕਰ ਕਰਨਾ ਸੰਭਵ ਪ੍ਰਤੀਤ ਨਹੀਂ ਹੋ ਰਿਹਾ।
ਜੇ ਮੈਂ ਕੁਝ ਸ਼ਬਦਾਂ ਵਿਚ ਹੀ ਕਹਿਣਾ ਹੋਵੇ ਤਾਂ ਏਹੀ ਕਹਾਂਗਾ ਕਿ ਗੁਰਭਜਨ ਗਿੱਲ ਪੰਜਾਬੀ ਗ਼ਜ਼ਲ ਕਾਵਿ ਖੇਤਰ ਵਿਚ ਅਜਿਹਾ ਸੀਸੀਫ਼ਸ (sisyphus) ਹੋ ਜੋ ਸਮਕਾਲੀ ਗ਼ਜ਼ਲਗੋਆਂ ਦੇ ਡਿੱਗ ਰਹੇ ਗਰਾਫ਼ ਨੂੰ ਹਰ ਰੋਜ਼ ਇਕ ਸਿਖ਼ਰ ਤੇ ਲੈ ਜਾਂਦਾ ਹੈ, ਗਰਾਫ਼ ਰੋਜ਼ ਡਿੱਗਦਾ ਹੈ ਤੇ ਉਹ ਰੋਜ਼ ਸਿਖ਼ਰ ਤੇ ਲੈ ਜਾਂਦਾ ਹੈ। ਉਹ ਇਹ ਸਜ਼ਾ ਖਿੜੇ ਮੱਥੇ ਭੁਗਤ ਰਿਹਾ ਹੈ, ਸ਼ਾਇਦ ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇ ਜਦੋਂ ਤਕ ਕੋਈ ਹੋਰ ਸੀਸੀਫ਼ਸ (sisyphus) ਗੁਰਭਜਨ ਗਿੱਲ ਦੀ ਥਾਂ ਨਹੀਂ ਲੈ ਲੈਂਦਾ।
ਕਹਿਕਸ਼ਾਂ
ਜਗਤਾਰ (ਡਾ.)
ਮਨ ਦੇ ਬੂਹੇ ਬਾਰੀਆਂ- 11