ਪੰਨਾ:ਮਨ ਦੇ ਬੂਹੇ ਬਾਰੀਆਂ – ਗੁਰਭਜਨ ਗਿੱਲ.pdf/108

ਇਹ ਸਫ਼ਾ ਪ੍ਰਮਾਣਿਤ ਹੈ



ਰੂਹ ਦੀ ਪਿਆਸ ਮਿਟਾਵਣ ਖਾਤਰ ਪੁੱਠੇ ਖੂਹ ਨਹੀਂ ਗੇੜੀਦੇ।
ਵਗਦੀ ਨੈਂ 'ਚੋਂ ਪਾਣੀ ਪੀਂਦੇ ਮਿਰਗ ਕਦੇ ਨਹੀਂ ਛੇੜੀਦੇ।

ਯਾਦਾਂ ਦਾ ਇਕ ਝੁਰਮਟ ਤੈਨੂੰ ਘੇਰੂ ਸੁੱਤਿਆਂ ਜਾਗਦਿਆਂ,
ਮਹਿਮਾਨਾਂ ਤੋਂ ਡਰ ਕੇ ਐਵੇਂ ਘਰ ਦੇ ਦਰ ਨਹੀਂ ਭੇੜੀਦੇ।

ਗਮਲੇ ਵਿਚੋਂ ਨਿਕਲੀ ਜੜ੍ਹ ਨੇ ਇਹ ਮਾਲੀ ਨੂੰ ਆਪ ਕਿਹਾ,
ਬੇਕਦਰਾਂ ਦੇ ਪੱਕੇ ਵਿਹੜੇ ਅੰਦਰ ਫੁੱਲ ਨਹੀਂ ਖੇੜੀਦੇ।

ਉਹ ਤਾਂ ਦਿਲ ਵਿਚ ਸੋਚ ਤੁਰੀ ਸੀ ਪਾਰ ਲੰਘਾਊਂ ਰਾਹੀਆਂ ਨੂੰ,
ਸਣੇ ਮਲਾਹਾਂ ਡੁੱਬ ਗਏ ਸੁਫ਼ਨੇ ਅੱਧ ਵਿਚਾਲੇ ਬੇੜੀ ਦੇ।

ਤੂੰ ਤਾਂ ਏਸ ਚੌਰਾਹੇ ਦੇ ਵਿਚ ਬੰਨ੍ਹ ਪੰਚਾਇਤਾਂ ਬੈਠ ਗਿਐਂ,
ਮਨ ਦੇ ਰੌਲੇ ਭੀੜ 'ਚ ਬਹਿ ਕੇ ਏਦਾਂ ਨਹੀਂ ਨਿਬੇੜੀਦੇ।

ਦੁੱਖ ਤੇ ਸੁਖ ਦੇ ਦੋਵੇਂ ਪਹੀਏ ਕੱਠੇ ਹੋ ਕੇ ਰਿੜ੍ਹਦੇ ਨੇ,
ਸੁਖ ਸੁਖ ਤੇਰਾ ਦੁੱਖ ਦੁੱਖ ਮੇਰਾ ਏਦਾਂ ਨਹੀਂ ਨਿਖੇੜੀਦੇ।

ਧਰਤੀ ਉੱਪਰ ਲੀਕਾਂ ਵਾਹ ਕੇ ਦੱਸ ਨਫ਼ਾ ਕੀ ਖੱਟਿਆ ਹੈ,
ਇਕੋ ਮਾਂ ਦੇ ਜੰਮੇ ਜਾਏ ਐਦਾਂ ਨਹੀਂ ਤਰੇੜੀਦੇ।

108-ਮਨ ਦੇ ਬੂਹੇ ਬਾਰੀਆਂ