ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/68

ਇਹ ਸਫ਼ਾ ਪ੍ਰਮਾਣਿਤ ਹੈ

ਬਾਰਾਂ ਸਾਲ ਮੰਗੂ ਚਾਰੇ

ਬਾਰਾਂ ਸਾਲ ਮੰਗੂ ਚਾਰੇ, ਸਾਨੂੰ ਰੱਖਿਆ ਕੁਆਰੇ,
ਚੜ੍ਹ ਗਈ ਖੇੜਿਆਂ ਦੀ ਡੋਲੀ।
ਨੀ ਹੁਣ ਕਾਹਨੂੰ ਹੰਝੂ ਕੇਰਦੀ, ਉਦੋਂ ਮੂੰਹੋਂ ਨਾ ਚੰਦਰੀਏ ਬੋਲੀ।

ਕੱਖ ਪੱਲੇ ਛੱਡਿਆ ਨਾ, ਚੂਚਕੇ ਦੀ ਬੱਚੀਏ।
ਰਲ ਗਈ ਰਿਵਾਜ ਨਾਲ ਕੌਲਾਂ ਦੀਏ ਕੱਚੀਏ।
ਕੱਚ ਦੇ ਸਮਾਨ ਦੀਆਂ ਕੀਚਰਾਂ ਤੋਂ ਬਚ
ਮੈਨੂੰ ਕਹੇ ਹਾਣੀਆਂ ਦੀ ਟੋਲੀ।

ਖੇੜਿਆਂ ਦਾ ਕਿਹੋ ਜਿਹਾ ਲੱਗਿਆ ਗਿਰਾਂ ਨੀ।
ਦੱਸ ਕਦੇ ਬੁੱਲੀਆਂ ਤੇ ਆਇਐ ਮੇਰਾ ਨਾਂ ਨੀ?
ਸਾਲੂ 'ਚ ਲਪੇਟੀਏ ਨੀ, ਹੀਰੀਏ ਸਲੇਟੀਏ,
ਤੂੰ ਬਣ ਗਈ ਸੈਦੇ ਦੀ ਗੋਲੀ।

ਮਹਿਕ ਤੋਂ ਬਗੈਰ ਦੱਸ ਫੁੱਲ ਕਿਹੜੇ ਕੰਮ ਨੀ।
ਕੱਲ੍ਹਾ ਰੰਗ ਰੂਪ ਨਿਰਾ ਹੱਡੀਆਂ ਤੇ ਚੰਮ ਨੀ।
ਟੁੱਕ ਟੁੱਕ ਟੁਕੜੇ ਵਜੂਦ ਵਾਲੇ ਮੇਰੇ
ਜਿੰਦ ਚਾੜ੍ਹ ਕੇ ਤੱਕੜ ਤੇ ਤੋਲੀ।
ਨੀ ਹੁਣ ਕਾਹਨੂੰ ਹੰਝੂ ਕੇਰਦੀ,
ਉਦੋਂ ਮੂੰਹੋਂ ਨਾ ਚੰਦਰੀਏ ਬੋਲੀ।

ਮਨ ਤੰਦੂਰ/ 68