ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/46

ਇਹ ਸਫ਼ਾ ਪ੍ਰਮਾਣਿਤ ਹੈ

ਨਿੱਕੀ ਜਹੀ ਕੁੜੀ

ਨਿੱਕੀ ਜਹੀ ਕੁੜੀ, ਸੀਰਤ ਜੀਹਦਾ ਨਾਂ।
ਮਾਂ ਦੇ ਪਿੱਛੇ ਤੁਰੀ ਫਿਰੇ, ਨਿੱਕੀ ਜੇਹੀ ਛਾਂ।

ਜਾਗਦੀ ਤਾਂ ਦੁਨੀਆਂ 'ਚ ਜਿੰਦ ਧੜਕਾਵੇ।
ਜਦੋਂ ਸੌਂਦੀ, ਸਾਰੇ ਪਾਸੇ ਫ਼ੈਲੇ ਚੁੱਪ ਚਾਂ।

ਮਾਪਿਆਂ ਦੇ ਨਾਲ ਹੋਵੇ ਖ਼ੁਸ਼ ਤੇ ਉਦਾਸ।
ਅੱਖੀਆਂ 'ਚੋਂ ਬੁੱਝ ਲੈਂਦੀ ਧੁੱਪ ਹੈ ਕਿ ਛਾਂ।

ਥੱਕੇ ਹੋਏ ਬਾਬਲੇ ਨੂੰ ਸ਼ਾਮੀਂ ਆਉਣ ਸਾਰ,
ਦੱਸੇ! ਅੱਜ ਤੇਰੇ ਪਿਛੇ ਘੂਰਦੀ ਸੀ ਮਾਂ।

ਨਿੱਕੇ ਨਿੱਕੇ ਬੁੱਲ੍ਹਾਂ ਵਿਚੋਂ ਕੇਰਦੀ ਸਵਾਲ,
ਕੰਨ ਲਾਕੇ ਸੁਣੇ ਕਿਵੇਂ ਬੰਨ੍ਹਦੀ ਸਮਾਂ।

ਗੋਟੇ ਵਾਲੀ ਚੁੰਨੀ ਮਾਂ ਦੀ, ਸਿਰ ਉੱਤੇ ਲਵੇ,
ਆਖੇ ਪਾਉ ਚੂੜਾ, ਕਰੇ ਬਾਹਾਂ ਨੂੰ ਅਗਾਂਹ।

ਧੀਆਂ ਤੇ ਧਰੇਕਾਂ ਜਦੋਂ ਮਾਪਿਆਂ ਦੇ ਵਿਹੜੇ,
ਕਰਨੀ ਸੰਭਾਲ ਪੈਂਦੀ, ਬੜੀ ਮਹਿੰਗੀ ਛਾਂ।

ਦਾਦਾ ਚੇਤੇ ਆਉਣ ਵੇਲੇ ਦਾਦੀ ਨੂੰ ਕਹੇ,
ਚੁੱਪ! ਚੁੱਪ! ਚੁੱਪ, ਰੋ ਨਾ, ਚੁੱਪ ਮੇਰੀ ਮਾਂ।

ਇੱਕੋ ਗੱਲ ਕਰੇ ਮੈਨੂੰ ਸਦਾ ਹੀ ਉਦਾਸ,
ਜੱਗ ਕਿਉਂ ਮਿਟਾਈ ਜਾਵੇ, ਖੁਸ਼ਬੂ ਦਾ ਨਾਂ।

ਮਨ ਤੰਦੂਰ/ 46