ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/42

ਇਹ ਸਫ਼ਾ ਪ੍ਰਮਾਣਿਤ ਹੈ

ਨਿੱਕੇ ਨਿੱਕੇ ਡਰ

ਵੱਡੇ ਵੱਡੇ ਘਰਾਂ ਵਿਚ, ਨਿੱਕੇ ਨਿੱਕੇ ਡਰ ਨੇ।
ਕੱਟ 'ਤੇ ਈਮਾਨਦਾਰੀ ਵਾਲੇ ਅਸਾਂ ਪਰ ਨੇ।

ਸਿੱਖ ਲਈਆਂ ਚੌਵੀ ਘੰਟੇ ਚੋਰੀਆਂ ਤੇ ਯਾਰੀਆਂ।
ਫੇਰੀਏ ਮੁਹੱਬਤਾਂ ਦੀ ਜੜ੍ਹ ਉੱਤੇ ਆਰੀਆਂ।
ਨਾਗਾਂ ਦੇ ਮੁਹੱਲੇ ਵਿਚ ਵੀਰੋ ਸਾਡੇ ਘਰ ਨੇ।
ਕੱਟ 'ਤੇ ਈਮਾਨਦਾਰੀ ਵਾਲੇ ਅਸਾਂ ਪਰ ਨੇ।

ਭਰੇ ਅਖ਼ਬਾਰ ਜੀਕੂੰ ਪਾਣੀ ਬਰਸਾਤ ਦਾ।
ਖ਼ਬਰਾਂ 'ਚੋਂ ਪਤਾ ਹੀ ਨਾ ਲੱਗੇ ਦਿਨ ਰਾਤ ਦਾ।
ਝੂਠ ਤੇ ਤੁਫ਼ਾਨ ਭਰੇ ਸਫ਼ਿਆਂ ਦੇ ਦਰ ਨੇ।
ਕੱਟ 'ਤੇ ਈਮਾਨਦਾਰੀ ਵਾਲੇ ਅਸਾਂ ਪਰ ਨੇ।

ਦੁੱਧ ਵਿਚ ਪਾਣੀ ਫਿਰ ਪਾਣੀ 'ਚ ਮਧਾਣੀਆਂ।
ਲੱਭੀ ਜਾਣ ਮੱਖਣ, ਵਿਚਾਰੀਆਂ ਸਵਾਣੀਆਂ।
ਬੰਦੇ ਕਾਹਦੇ, ਗੱਡੇ ਜੀਕੂੰ ਖੇਤਾਂ ਵਿਚ ਡਰਨੇ।
ਕੱਟ 'ਤੇ ਈਮਾਨਦਾਰੀ ਵਾਲੇ ਅਸਾਂ ਪਰ ਨੇ।

ਮੰਦਰਾਂ ਮਸੀਤਾਂ, ਗੁਰੂ ਘਰਾਂ 'ਚ ਸ਼ੈਤਾਨੀਆਂ।
ਕਿਹੜੀ ਥਾਂ ਆਜ਼ਾਦ, ਜੋ ਨਾ ਖਾਧੀ ਬੇਈਮਾਨੀਆਂ।
ਦੇਵਤੇ ਦੇ ਅੱਗੇ, ਖੋਟੇ ਸਿੱਕੇ ਅਸਾਂ ਧਰਨੇ।
ਕੱਟ 'ਤੇ ਈਮਾਨਦਾਰੀ ਵਾਲੇ ਅਸਾਂ ਪਰ ਨੇ।

ਮਨ ਤੰਦੂਰ/ 42