ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/21

ਇਹ ਸਫ਼ਾ ਪ੍ਰਮਾਣਿਤ ਹੈ

ਸਿੱਧਾਂ ਨੇ ਚੋਲੇ ਪਹਿਨ ਕੇ ਤੇਰੀ ਹੀ ਬਾਣੀ ਰੱਟ ਲਈ।
ਅੱਚਲ ਵਟਾਲਾ ਛੱਡ ਕੇ, ਥਾਂ-ਥਾਂ ਚਲਾਉਂਦੇ ਹੱਟ ਕਈ।
ਭਰਮਾਂ ਦਾ ਭਾਂਡਾ ਭਰ ਗਿਆ, 'ਗੋਸ਼ਟਿ' ਵਿਚਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ ...।

ਹਾਲੇ ਕੰਧਾਰੀ ਵਲੀ ਦਾ ਹੰਕਾਰ ਨਹੀਓਂ ਟੁੱਟਿਆ।
ਅੱਜ ਵੀ ਉਹ ਪਾਣੀਆਂ ਤੇ ਕਰਨ ਕਬਜ਼ੇ ਜੁੱਟਿਆ।
'ਤਰਕ' ਦੀ ਛਾਤੀ ਤੇ ਮੁੜ ਪੱਥਰ ਮੈਂ ਭਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ...।

ਮਲਿਕ ਭਾਗੋ ਅੱਜ ਵੀ, ਓਨਾਂ ਹੀ ਟੇਢਾ ਬੋਲਦਾ।
ਤੱਕੜੀ ਵਾਲਾ ਵੀ ਮੋਦੀ, ਘੱਟ ਸੌਦਾ ਤੋਲਦਾ।
ਉੱਡਦਾ ਅੰਬਰ 'ਚ ਮੈਂ, ਫੂਕੀ ਗੁਬਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ ...।

'ਜਪੁਜੀ' ਦੀ ਸਿਰਜਣ-ਭੂਮ ਦੇ ਚੇਤੇ ਨਿਰੰਤਰ ਡੰਗਦੇ।
ਤਾਹੀਓਂ ਹੀ ਤੇਰੇ ਪੁੱਤ ਅੱਜ ਰਾਵੀ ਤੋਂ ਲਾਂਘਾ ਮੰਗਦੇ।
ਪੂਰੀ ਕਰੀਂ ਅਰਦਾਸ ਤੂੰ, ਤੇਰਾ ਸਹਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।

ਮਨ ਤੰਦੂਰ/ 21