ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/16

ਇਹ ਸਫ਼ਾ ਪ੍ਰਮਾਣਿਤ ਹੈ

ਦਰਦ ਨੂੰ ਮਹਿਸੂਸਦਾ
ਸਾਡਾ ਇਹ ਸਾਵਾ ਬਿਰਖ਼
ਆਪਣੇ ਪੁੰਗਰਦੇ ਪੱਤਿਆਂ ਨੂੰ
ਸ਼ਬਦ-ਬ-ਸ਼ਬਦ ਤਸਲੀਮ ਕਰਦਾ
ਚੌਤਰਫ਼ੇ ਤੋਂ ਮੋਹ-ਮੁਕਤ ਨਹੀਂ ਹੋਇਆ।

ਉਹਦੇ ਜੀਵਨ ਵਿਚਲੇ ਕੁਝ ਰੰਗ ਬੜੇ ਪੱਕੇ ਹਨ
ਧੋਤਿਆਂ ਵੀ ਨਹੀਂ ਉੱਤਰਦੇ
ਚਾਰ ਦਹਾਕਿਆਂ ਤੋਂ ਮਹਾਂ ਨਗਰ 'ਚ ਵੱਸਦਿਆਂ
ਦਿੱਲੀ ਦੱਖਣ ਦੇਸ ਪ੍ਰਦੇਸ਼ ਘੁੰਮਦਿਆਂ
ਵਿਸ਼ਵ-ਭਰ ਦੀਆਂ ਸੋਚਾਂ ਨੂੰ
ਮਨ-ਮਸਤਕ ਵਿਚ ਟਿਕਾਈ ਫਿਰਦਿਆਂ ਵੀ
ਸ਼ਾਇਦ ਪਿੰਡ ਉਹਦੇ ਜੀਵਨ-ਵਿਵਹਾਰ 'ਚੋਂ
ਇਸੇ ਲਈ ਖਾਰਜ ਨਹੀਂ ਹੋਇਆ
ਤੇ ਉਹਦਾ ਅਵਚੇਤਨ ਮਨ
ਬਾਤਾਂ ਪਿੰਡ ਦੀਆਂ ਹੀ ਪਾਉਂਦਾ ਰਹਿੰਦਾ ਹੈ।
-ਰਵਿੰਦਰ ਭੱਠਲ (ਪ੍ਰੋ.)

ਮਨ ਤੰਦੂਰ/ 16