ਪੰਨਾ:ਮਨ ਤੰਦੂਰ – ਗੁਰਭਜਨ ਗਿੱਲ.pdf/115

ਇਹ ਸਫ਼ਾ ਪ੍ਰਮਾਣਿਤ ਹੈ

ਕੌਣ ਕਹਿੰਦਾ ਹੈ ਗ਼ਜ਼ਾਲਾ* ਮਰ ਗਈ ਹੈ।
ਮਹਿਕ ਸੀ, ਤਾਹੀਓਂ ਖ਼ੁਦਾ ਦੇ ਘਰ ਗਈ ਹੈ।

ਜਿਸਮ ਤਾਂ ਮਿੱਟੀ ਸੀ, ਕਬਰੀਂ ਸੌਂ ਗਿਆ ਹੈ,
ਰੰਗ ਸਭ ਫੁੱਲਾਂ 'ਚ ਆਪਣੇ ਭਰ ਗਈ ਹੈ।

ਪਾਣੀਆਂ ਵਿਚ ਕਲਵਲਾਂ ਓਸੇ ਦੀਆਂ ਨੇ,
ਵੇਖ ਲਉ, ਕਿੱਦਾਂ ਸਮੁੰਦਰ ਤਰ ਗਈ ਹੈ।

ਬੁਲਬੁਲਾਂ ਤੇ ਕਿਉਂ ਨਿਸ਼ਾਨੇ ਮਾਰਦੇ ਹੋ,
ਦਰਦ-ਭਿੰਨੀ 'ਵਾਜ਼ ਤਾਂ ਦਰ ਦਰ ਗਈ ਹੈ।

ਕਾਤਲਾਂ ਨੂੰ ਭਰਮ ਹਰ ਧਰਤੀ ਤੇ ਏਹੀ,
ਜ਼ਿੰਦਗੀ ਹਥਿਆਰ ਕੋਲੋਂ ਡਰ ਗਈ ਹੈ।

ਫੁੰਡ ਕੇ ਸ਼ੀਸ਼ੀ ਇਤਰ ਦੀ ਢੂੰਡਦੇ ਹੋ,
ਲੱਭਣੀ ਨਹੀਂ, ਮਹਿਕ ਹਿਜਰਤ ਕਰ ਗਈ ਹੈ।

ਜਾਣ ਤੋਂ ਪਹਿਲਾਂ ਗ਼ਜ਼ਾਲਾ ਮਿਰਗ-ਬੱਚੀ,
ਵੰਡਕੇ ਕਸਤੂਰੀਆਂ ਘਰ ਘਰ ਗਈ ਹੈ।


* ਸਵਾਤ ਘਾਟੀ (ਪਾਕਿਸਤਾਨ) 'ਚ ਕੁਝ ਵਰ੍ਹੇ ਪਹਿਲਾਂ ਗ਼ਜ਼ਾਲਾ ਜਾਵੇਦ ਨਾਂ ਦੀ ਸੁਰੀਲੀ ਤੇ ਖੂਬਸੂਰਤ ਗਾਇਕਾ ਨੂੰ ਉਸਦੇ ਪਿਤਾ ਸਮੇਤ ਹਥਿਆਰ ਪੂਜਕਾਂ ਵੱਲੋਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ, ਇਸ ਦੋਸ਼ ਬਦਲੇ ਕਿ ਉਹ ਗਾਉਂਦੀ ਕਿਉਂ ਹੈ?

ਮਨ ਤੰਦੂਰ/ 115