ਪੰਨਾ:ਮਨੁਖ ਦੀ ਵਾਰ.pdf/74

ਇਹ ਸਫ਼ਾ ਪ੍ਰਮਾਣਿਤ ਹੈ

ਧੁਖੂੰ ਧੁਖੂੰ ਸਨ ਕਰ ਰਹੇ, ਗਮਿਆਲੇ ਧੂਣੇ।
ਉੱਠੇ ਆਲਸ ਨੀਂਦਰੋਂ, ਅਣਖਾਂ ਨੇ ਝੂਣੇ।
ਜਾਣੋ ਵਿਦਿਆ ਟਹਿਣ ਸਨ, ਅਨਪੜ੍ਹਾਂ ਹਲੂਣੇ।
ਪਾਪ ਨਸਾਉਣੇ ਲੋਚਦੇ, ਜਿਗਰੇ ਤੋਂ ਊਣੇ।
ਗਏ ਨਾ ਗੱਲ੍ਹੀਂ ਕਾਲ ਦੀ, ਇਹ ਸੋਚ ਸਲੂਣੇ।

ਹੱਥ ਬੰਨ੍ਹ ਕਰਦੇ ਬੇਨਤੀ, "ਹੇ ਹਿੰਦ ਸਹਾਰੇ,
ਝਾੜੇ ਫੁਲ ਕਸ਼ਮੀਰ ਦੇ, ਮਹਿਕੀਂ ਭੰਡਾਰੇ।
ਵੇਲਾਂ ਧੌਣਾ ਸੁਟੀਆਂ, ਤਕ ਜਬਰ ਕਰਾਰੇ।
ਡਲ ਬਲ*[1] ਪੂਰੇ ਪਾਪ ਨੇ, ਤੇ ਪੁੰਨ ਨਿਘਾਰੇ।
ਧਰਤੀ ਕੰਬੀ ਰੋ ਪਈ, ਕਰ ਨੈਣ ਫੁਹਾਰੇ।
ਦਿਲ ਦੇ ਚਸ਼ਮ ਫੁਟ ਪਏ, ਅਠ ਪਹਿਰ ਪੁਕਾਰੇ।
ਨੇਕੀ ਗੰਦਲ ਵਿਸ ਭਰੀ, ਤੇ ਪਾਪ ਛੁਹਾਰੇ।
ਮਿੱਠਤਾਂ ਉੱਠੀ ਅੰਦਰੋਂ ਮਨ ਹੋਏ ਖਾਰੇ।
ਚਟੇ ਵਿਦਿਆ ਮਥਿਓਂ, ਕੁਲ ਤਿਲਕ ਪਿਆਰੇ।
ਪੀਂਘ ਚੜ੍ਹੀ ਕਸ਼ਮੀਰ ਦੀ, ਅੱਤ ਜ਼ੁਲਮ ਹੁਲਾਰੇ।
ਝੂਟੇ ਲੀਤੇ ਹਿੰਦੂਆਂ, ਢੱਠੇ ਬੇ-ਚਾਰੇ।
ਅਸਲੀ ਮੋਮਨ ਬਹਿ ਗਏ, ਚੁੱਪ ਸਬਰ ਸਹਾਰੇ।


  1. *ਇੱਛਾ ਬਲ ਆਦਿ ਚਸ਼ਮੇ।

੭੬.