ਪੰਨਾ:ਮਨੁਖ ਦੀ ਵਾਰ.pdf/65

ਇਹ ਸਫ਼ਾ ਪ੍ਰਮਾਣਿਤ ਹੈ

ਖੋਲ੍ਹ ਦਿਲਾਂ ਨੂੰ ਰਖਿਆ, ਧੁਸ ਦੇ ਕੁਲ ਰਾਜ਼ਾਂ।
ਕੂੜ ਕਪਟ ਨਸਾਇਆ, ਸਚ-ਰਤੀਆਂ ਵਾਜ਼ਾਂ।
ਦਸਿਆ ਹੱਥ ਭਗਵਾਨ ਨੂੰ, ਭਗਤਾਂ ਦੇ ਨਾਜ਼ਾਂ।

ਨੰਗ ਗਵਾਇਆ ਕੌਮ ਦਾ, ਤਣ ਵਖਰੀ ਤਾਣੀ।
ਦੱਸੀ ਧੰਨੇ, ਰੱਬ ਨੂੰ, ਝਟ ਜੋਗ ਚਲਾਣੀ।
ਚਮਰੇਟੇ ਦਾ ਭਰ ਲਿਆ, [1]*ਗੰਗਾ ਨੇ ਪਾਣੀ।
ਸੰਸਕ੍ਰਿਤ ਨੂੰ ਛਡਿਆ, ਨਾ ਸਮਝੀ ਰਾਣੀ।
ਮਾਂ ਭਾਸ਼ਾ ਦੀ ਸਾਰਿਆਂ, ਨਿਤ ਕਦਰ ਪਛਾਣੀ।
ਅਭਮਾਨੀ ਸਨ ਆਖਦੇ, ਹੈ ਅਣਪੜ੍ਹ ਢਾਣੀ।
ਕੰਨ ਖੁਲ੍ਹੇ ਜਦ ਸੁਣ ਲਈ, ਭਗਤਾਂ ਦੀ ਬਾਣੀ।

ਦਿਲ ਦੇ ਸਾਰੇ ਸਨ ਖਰੇ, ਤੇ ਕਿਰਤ ਕਮਾਂਦੇ।
ਢਿਡ ਦੀ ਖ਼ਾਤਰ ਰਬ ਨੂੰ, ਨਿਤ ਸਾਫ਼ ਸੁਣਾਂਦੇ।
ਭੁਲ ਕੇ ਨਹੀਂ ਅਮੀਰ ਨੂੰ, ਉਹ ਤਲੀ ਦਿਖਾਂਦੇ।
ਉਹ ਜਨਤਾ ਦੇ ਦਾਸ ਸਨ, ਪੰਡਿਤ ਘਬਰਾਂਦੇ।

ਭਰਮਾਂ ਨੂੰ ਭਸਮਾਇਆ, ਤੇ ਵਰਣ ਰੁੜ੍ਹਾਏ।
ਚਾਹੁੰਦੇ ਸਨ ਇਨਸਾਨ ਹੀ, ਖ਼ੁਦ ਸੁੱਧ ਹੋ ਜਾਏ।
ਕਾਨੂੰਨਾਂ ਦੇ ਬਾਝ ਵੀ, ਇਨਸਾਨ ਸਦਾਏ।


  1. *ਕਵ ਕਸੀਰਾ ਸੌਂਪਿਆ ਰਵਿਦਾਸੇ ਗੰਗਾ ਦੀ ਭੇਟਾ। ਭਾ: ਗੁਰਦਾਸ

੬੭.