ਪੰਨਾ:ਮਨੁਖ ਦੀ ਵਾਰ.pdf/52

ਇਹ ਸਫ਼ਾ ਪ੍ਰਮਾਣਿਤ ਹੈ

ਜਗ ਦੇ ਸਾਹਵੇਂ ਰਖਿਆ, ਉਸ ਅਜਬ ਨਿਸ਼ਾਨਾ।
ਜੁੱਧਾਂ ਵਿਚੋਂ ਭਾਲਿਆ, ਅਨਮੋਲ ਖਜ਼ਾਨਾ।
ਰਾਜੇ ਮੂਰਖ ਨਿਕਲਦੇ, ਉਹ ਬਣਿਆ ਦਾਨਾ।
ਕੀਤਾ ਸੌਦਾ ਰਾਜ ਦਾ, ਦੇ ਅਮਨ-ਬਿਆਨਾ।

ਜਣਕੋਂ ਵਧ ਤਪਸਿਆ, ਸਮਝੋ ਉਸ ਕੀਤੀ।
ਹਰੀ ਚੰਦ ਤੋਂ ਵਧਦਿਆਂ, ਵਡਿਆਈ ਲੀਤੀ।
ਲੀਰੋਲੀਰ ਮਨੁਖਤਾ, ਉਸ ਨਾਮੇ ਸੀਤੀ।
ਸੁਚੀ ਅਮਨ ਸ਼ਰਾਬ ਵੀ, ਉਸ ਹਾਫ਼ਜ਼ ਪੀਤੀ।
ਸਮਝਾਈ ਸੰਸਾਰ ਨੂੰ, ਰਾਜੇ ਦੀ ਨੀਤੀ।
ਆਦਮ ਖਾਣੇ ਧਰਮ ਦੀ, ਉਸ ਮੇਟੀ ਰੀਤੀ।
ਦੱਸੀ ਰਾਂਝਣ ਹੀਰ ਤੋਂ, ਵਧ ਲੋਕ ਪ੍ਰੀਤੀ।
ਸ਼ੋਕ ਨਸਾਇਆ ਭਾਲ ਕੇ, ਭੁੱਲੀ ਕੁਲ ਬੀਤੀ।

ਹਜ਼ਰਤ ਈਸਾ

ਆਇਆ ਯੈਰੇਸ਼ਿਲਮ ਵਿਚ ਮਰੀਅਮ ਦਾ ਜਾਇਆ।
ਨਿਮਰਤਾ ਤੇ ਪ੍ਰੀਤ ਨੂੰ, ਦਿਲ ਵਿਚ ਰਚਾਇਆ।
ਧੁੱਪ ਸਹਾਰੀ ਸੀਸ ਤੇ, ਹੋਰਾਂ ਤੇ ਛਾਇਆ।
ਚਾਨਣ ਲੋਕ ਪ੍ਰੀਤ ਦਾ, ਹਰ ਥਾਂ ਤੇ ਪਾਇਆ।
ਗੁਣ ਨੂੰ ਮੋਹਿਆ ਏਸ ਨੇ, ਔਗੁਣ ਪਛਤਾਇਆ।

੫੪.