ਪੰਨਾ:ਭੁੱਖੀਆਂ ਰੂਹਾਂ.pdf/68

ਇਹ ਸਫ਼ਾ ਪ੍ਰਮਾਣਿਤ ਹੈ

"ਹਿੰਦੀ!” ਮੁੜ ਉਹ ਝੁੱਗੀ ਵਿਚ ਚਲੇ ਗਏ।

"ਕੀ ਹਿੰਦੀ ਫੇਰ ਨਹੀਂ ਆਵੇਗਾ ਬਾਪੂ?" ਪ੍ਰੀਨਾਂ ਮੁਰਝਾਈ ਹੋਈ ਸੀ।

"ਹੋਣੀ ਦੀਆਂ ਚਾਲਾਂ ਨੂੰ ਕੋਈ ਨਹੀਂ ਬੁਝ ਸਕਦਾ ਪੁੱਤਰ!" ਤੇ ਸਾਗਰ ਨੇ ਦੂਰ ਤਕਿਆ। ਸਖਣਾ ਸਮੁੰਦਰ— ਬੇ ਜਹਾਜ਼— ਨਾ ਕੋਈ ਬੇੜੀ ਕੰਢੇ ਤੇ, ਉਹਨੂੰ ਨਜ਼ਰੀਂ ਆਇਆ— ਮਾਛੀ ਘਰਾਂ ਨੂੰ ਮੁੜੇ ਜਾਂਦੇ ਸਨ।

ਪ੍ਰੀਨਾਂ ਨੂੰ ਕੁਝ ਵੀ ਚੰਗਾ ਨਹੀਂ ਸੀ ਲਗਦਾ। ਉਹ ਚਟਾਨਾਂ ਤੇ ਚੜ੍ਹਦੀ, ਕੰਢੇ ਤੇ ਜਾਂਦੀ, ਚੰਨ ਵਲ ਵਿੰਹਦੀ— ਲਹਿਰਾਂ ਦਾ ਉਭਾਰ ਤਕਦੀ— ਸਾਰੀਆਂ ਚੀਜ਼ਾਂ ਉਹਨੂੰ ਸੁੰਨੇ ਸੁੰਨੇ ਖੰਡਰ ਜਾਪਦੇ ਸਨ। ਸਮੁੰਦਰ ਦੀ ਅਟੁਟ ਗੂੰਜ ਵਿਚੋਂ ਉਹਨੂੰ ਹਿੰਦੀ ਦੀਆਂ ਵਾਜਾਂ ਸੁਣਾਈ ਦੇਂਦੀਆਂ।

ਹਿੰਦੀ ਨੂੰ ਜਿਹਲ ਵਿਚ ਡਕ ਦਿਤਾ ਗਿਆ ਸੀ। ਉਹ ਬਿਹਬਲ ਜਿਹਾ ਹੋ ਗਿਆ। ਪ੍ਰੀਨਾਂ ਦੇ ਸਾਥ ਨੇ ਉਹਦੇ ਅੰਦਰ ਇਕ ਭਾਂਬੜ ਬਾਲ ਘੱੜਿਆ। ਉਹਦੇ ਸੁਫਨਿਆਂ ਵਿਚ ਹੁਣ ਖਿਚ ਬਹੁਤੀ ਵਧ ਗਈ- "ਮੇਰਾ ਦੇਸ਼ ਹੋਵੇਂ— ਤੇ ਪ੍ਰੀਨਾਂ ਮੇਰੇ ਨਾਲ ਹੋਵੇ— ਉਹ ਉਡੇ— ਉਹਦੇ ਖੰਭਾਂ ਵਿਚ ਆਜ਼ਾਦੀ ਫਰਕੇ— ਦੇਸ਼ ਦੀਆਂ ਹੋਣੀਆਂ ਨੂੰ ਅਸੀਂ ਟੁੰਬੀਏ— ਓਥੇ ਹੁਣ ਸੁਤੰਤ੍ਰਤਾ ਦਾ ਸੰਗੀਤ ਛਿੜਿਆ ਹੋਇਆ ਹੈ— ਸਾਡੀ ਲੈ ਵੀ ਹਮਵਤਨਾਂ ਨਾਲ ਇਕ ਸੁਰ ਹੋ ਕੇ ਗੁੰਜਾਰ ਪਾ ਦੇਵੇ।"

ਉਹਦੇ ਜਜ਼ਬਿਆਂ ਵਿਚ ਹੜ੍ਹ ਆਇਆ ਹੋਇਆ ਸੀ। ਜਿਹਲ ਦੀ ਬਾਰੀ ਥਾਈਂ ਓਸ ਬਾਹਰ ਝਾਕਿਆ। ਸੁੰਨੀ ਰਾਤ ਤੇ ਨ੍ਹੇਰਾ ਘੁੱਪ ਸੀ। ਬੂਹੇ ਅਗੇ ਪਹਿਰੇ ਦਾਰ ਬੈਠਾ ਉਂਘਲਾ ਰਿਹਾ ਸੀ।

ਉਸ ਇਕ ਨਿਕੀ ਪਰ ਤਿਖੀ ਜਿਹੀ ਚੀਜ਼ ਕਢੀ, ਜਿਹੜੀ ਉਹ ਕਿਸੇ ਤਰ੍ਹਾਂ ਲੁਕਾ ਕੇ ਆਪਣੇ ਨਾਲ ਹੀ ਰਖਦਾ ਹੁੰਦਾ ਸੀ। ਸਹਿਜੇ

੪੨