ਪੰਨਾ:ਭੁੱਖੀਆਂ ਰੂਹਾਂ.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਭਾਂਤ ਭਾਂਤ ਦੀਆਂ ਬੋਲੀਆਂ ਉਹਦੇ ਮਨ ਦੀ ਕਿਸੇ ਗੁਠ ਨੂੰ ਠਕੋਰ ਕਢਦੀਆਂ। ਉਹ ਪ੍ਰੀਨਾਂ ਨੂੰ ਹਿੱਕ ਨਾਲ ਘੁਟਦਾ — ਉਹਦੀਆਂ ਅਭੋਲ ਅੱਖਾਂ ਵਿਚ ਤਕਦਾ। ਪ੍ਰੀਨਾਂ ਸਾਗਰ ਦੀ ਬੱਗੀ ਦਾੜ੍ਹੀ ਵਿਚ ਕ੍ਰੂੰਬਲਾਂ ਵਰਗੀਆਂ ਗੁਲਾਬੀ ਉਂਗਲਾਂ ਪਾ ਪਾ ਖੇਡਦੀ।

ਕੁਝ ਵਰੇ ਪਹਿਲਾਂ ਜਦੋਂ ਸਾਗਰ ਨੇ ਮਛੀਆਂ ਫੜਨ ਲਈ ਤੜਕੇ ਸਾਰ ਪਾਣੀ ਵਿਚ ਜਾਲ ਵਗਾਇਆ ਸੀ ਤਾਂ ਕੋਈ ਮੱਛੀ ਨਹੀਂ ਸੀ ਫਸੀ, ਦੁਬਾਰਾ ਸੁਟਣ ਤੇ ਵੀ ਕੁਝ ਨਾ ਥਿਆਇਆ। ਤੀਜੀ ਵਾਰੀ ਇਕ ਬਕਸਾ ਲਹਿਰਾਂ ਉਤੇ ਤਰਦਾ ਜਾਲ ਦੀ ਵਲਗਣ ਵਿਚ ਆ ਗਿਆ। ਸਾਗਰ ਨੇ ਜਾਲ ਧਰੂਇਆ ਬਕਸਾ ਬਾਹਰ ਕਢਿਆ। ਓਸ ਵਿਚ ਕੋਈ ਸ਼ੈ ਹਿੱਲੀ।

"ਪ੍ਰਮਾਤਮਾ — ਇਹ ਕੀ ਹੈ?" ਸਾਗਰ ਲਰਜ਼ ਗਿਆ। ਜੀ ਕੀਤਾ ਬਕਸੇ ਨੂੰ ਮੁੜ ਪਾਣੀ ਵਿਚ ਵਗਾਹ ਮਾਰੇ। ਪਰ ਵਿਚੋਂ ਉਆਂ ਉਆਂ ਦੀ ਅਵਾਜ਼ ਆਈ, "ਕੋਈ ਇਨਸਾਨੀ ਬੱਚਾ ਹੈ" ਸਾਗਰ ਦਾ ਸਹਿਮ ਕੁਝ ਘਟਿਆ। ਬੱਚੇ ਨੂੰ ਕੰਬਦੀਆਂ ਬਾਹਾਂ ਨਾਲ ਵਿਚੋਂ ਕਢਿਆ। ਕੋਮਲ ਜਿਹੀ ਜਿੰਦੜੀ ਸੀ। ਤੜਕੇ ਦਾ ਚੰਨ ਭਰ ਜੋਬਨਾਂ ਤੇ ਚਮਕ ਰਿਹਾ ਸੀ। ਸਾਗਰ ਨੇ ਡੂੰਘਾ ਸਾਹ ਖਿਚ ਕੇ ਅਕਾਸ਼ ਵਲ ਤੱਕਿਆ — ਫੇਰ ਬੱਚੀ ਨੂੰ —। ਪਰੀਆਂ ਜਿਹੀ ਭੁਲੱਪਣ ਬੱਚੀ ਦੇ ਮੂੰਹ ਤੇ ਤਕ ਕੇ ਉਸ ਓਹਦਾ ਨਾਂ ਪ੍ਰੀਨਾਂ ਰਖ ਦਿਤਾ।

ਸਾਗਰ ਨੇ ਪ੍ਰੀਨਾਂ ਨੂੰ ਪਾਲਿਆ ਪੋਸਿਆ ਸੀ। ਉਹ ਸਾਗਰ ਦੀ ਝੋਲੀ ਵਿਚ ਬਹਿ ਕੇ ਤੋਤਲੀਆਂ ਮਾਰਦੀ ਹੁੰਦੀ ਸੀ। ਸਮੁੰਦਰ ਦੀ ਡੰਡ ਸੁਣ ਕੇ ਪੁਛਿਆ ਕਰਦੀ:—

"ਇਹ ਕੀ ਬੋਲਦਾ ਏ ਬਾਪੂ?"

ਸਾਗਰ ਕਿੰਨਾ ਚਿਰ ਗੂੰਗਾ ਬੈਠਾ ਰਹਿੰਦਾ। ਸਮੁੰਦਰ ਦੀ ਨੀਲਾਹਟ ਵਿਚ ਉਹਦਾ ਮਨ ਗੁਆਚ ਜਾਂਦਾ। ਫੇਰ ਕਹਿੰਦਾ:—

"ਇਹ ਅਭਾਗਿਆਂ ਦੀਆਂ ਆਹਾਂ ਨੇ ਪੁੱਤਰ! ਸਮੁੰਦਰ ਉਤੋਂ ਲੰਘ ਕੇ ਦੇਸ਼ ਵਲ ਜਾਂਦੀਆਂ ਹਨ।"

"ਕੌਣ ਅਭਾਗੇ?" ਪ੍ਰੀਨਾਂ ਮੁੜ ਪੁਛਦੀ।

44