ਪੰਨਾ:ਭੁੱਖੀਆਂ ਰੂਹਾਂ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਠੀ।

ਇਕ ਗਰਮ ਜਿਹਾ ਸੋਜ਼ ਉਹਦੇ ਪਿੰਡੇ ਵਿਚ ਝਰਨਾ ਗਿਆ। ਉਹਨੇ ਚਿੱਠੀ ਪੜ੍ਹ ਕੇ ਕਰਮੋ ਨੂੰ ਫੜਾ ਦਿੱਤੀ ਤੇ ਆਖਿਆ - "ਮੈਂ ਅਜ ਈ ਉਹਨੂੰ ਯਾਦ ਪਈ ਕਰਦੀ ਸਾਂ, ਸੋਚਦੀ ਸਾਂ, ਬੇਰਾਂ ਦੀ ਰੁਤ ਏ, ਉਹ ਬੇਰ ਮੰਗਦਾ ਹੁੰਦਾ ਸੀ। ਹੁਣ ਬੇਰ ਖੁਆਵਾਂਗੀ।" “ਤੂੰ ਬੇਰ ਤੇ ਮੈਂ ਲੱਡੂ ਦਿਆਂਗੀ” ਕਰਮੋ ਨੇ ਹੱਸ ਕੇ ਕਿਹਾ।

★ ★ ★ ★

ਬਾਲ ਪਣੇ ਦੇ ਪਿਆਰ ਨਾਲ ਮਸੂਮ ਦਿਲਾਂ ਪਰ ਉੱਕਰੀਆਂ ਹੋਈਆਂ ਮਧੱਮ ਜਿਹੀਆਂ ਪ੍ਰੇਮ ਝਰੀਟਾਂ ਜੁਆਨੀ ਦੀਆਂ ਲਹਿਰਾਂ ਨਾਲ ਉਘੜ ਪੈਂਦੀਆਂ ਹਨ। ਬੇਰੀਆਂ ਵਾਲਾ ਥੇਹ ਸੀਬੋ ਹੋਰਾਂ ਦੇ ਖੇਤ ਦੇ ਕੋਲ ਹੀ ਸੀ। ਉਹਨੇ ਇਕ ਮਿੱਠੀ ਬੇਰੀ ਜਾਂਚ ਵਿਚ ਰਖੀ। ਉਹਦੇ ਬੇਰ ਸਾਰੇ ਪਿੰਡ ਉੱਘੇ ਸਨ। ਸੀਬੋ ਜਦੋਂ ਰੋਟੀ ਲੈ ਕੇ ਖੇਤ ਨੂੰ ਜਾਂਦੀ, ਤਾਂ ਉਸ ਬੇਰੀ ਵਲ ਫੇਰਾ ਜ਼ਰੂਰ ਪਾ ਆਉਂਦੀ। ਬੇਰੀ ਦੇ ਮੁੱਢ ਨਾਲ ਝਿੰਗਾਂ ਬੰਨ੍ਹਦੀ ਮਤਾਂ ਮੁੰਡੇ ਉਤੇ ਚੜ੍ਹ ਕੇ ਬੇਰ ਨਾ ਖੋਹ ਘਤਣ। ਬੇਰ ਟੁਕਦੇ ਤੋਤਿਆਂ, ਗਾਹਲੜਾਂ ਨੂੰ ਛਛਕੇਰ ਦਿੰਦੀ, ਮੁੜ ਘਰ ਆ ਕੇ ਉਸ ਰੁਮਾਲ ਨੂੰ, ਰੀਝਾਂ ਨਾਲ ਕਢਦੀ ਜਿਹਦੇ ਵਿਚ ਬੰਨ੍ਹ ਕੇ ਬੇਰ ਪ੍ਰੀਤੂ ਨੂੰ ਦੇਣੇ ਸਨ।

ਉਡੀਕ ਦੀਆਂ ਘੜੀਆਂ ਬੜੀਆਂ ਔਖੀਆਂ ਲੰਘਦੀਆਂ ਹਨ, ਪਰ ਸਮੇਂ ਨੇ ਪੰਦਰ੍ਹਵਾਂ ਦਿਨ ਲੈ ਆਂਦਾ। ਅਕਾਸ਼ ਤੇ ਮੋਟੇ ਬੱਦਲ ਤਣੇ ਹੋਏ ਸਨ। ਵਿੰਹਦਿਆਂ ਵਿੰਹਦਿਆਂ ਉਹ ਕਾਲੀ ਘਟਾ ਬਣ ਗਏ ਤੇ ਕਹਿਰ ਦਾ ਮੀਂਹ ਲਥ ਪਿਆ। ਅਜ ਪ੍ਰੀਤੂ ਨੇ ਇਕ ਵਜੇ ਦੀ ਗਡੀ ਆਉਣਾ ਸੀ।

ਦਸ ਕੁ ਵਜੇ ਮੀਂਹ ਹੌਲਾ ਹੋਇਆ, ਪਰ ਫੁਹਾਰ ਜਿਹੀ ਪੈਂਦੀ ਰਹੀ, ਸੀਬੋ ਜਿਹੜੀ ਸਵੇਰ ਤੋਂ ਮੀਂਹ ਥੰਮਣ ਦੀਆਂ ਜੋਦੜੀਆਂ ਪਈ ਕਰਦੀ ਸੀ, ਬੇਰੀਆਂ ਦੇ ਥੇਹ ਵਲ ਵਗ ਟੁਰੀ। ਹਵਾ ਦੇ ਬੁੱਲਿਆਂ ਨਾਲ

36