ਪੰਨਾ:ਭੁੱਖੀਆਂ ਰੂਹਾਂ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਂਦੀ ਸੀ, ਉਹ ਪੈਲੀਆਂ ਦੇ ਵਿਚੋਂ ਵਾਲੀ ਪਗ-ਡੰਡੀ ਥਾਾਈਂ ਇਸ ਜੋੜੀ ਦੇ ਕੋਲ ਆ ਨਿਕਲੀ ਤੇ ਇਨ੍ਹਾਂ ਦੇ ਮਗਰ ਹੋ ਲਈ। ਇਨ੍ਹਾਂ ਦੇ ਮਸੂਮ ਚੋਹਲਾਂ ਨਾਲ ਓਹਦੀ ਦਿਲਚਸਪੀ ਵਧਦੀ ਗਈ।

"ਅੱਡ ਬਚਨੋ ਮੂੰਹ" ਜੋੜੀ ਵਿਚੋਂ ਮੁੰਡੇ ਨੇ ਕਿਹਾ, "ਮੈਂ ਵਿਚ ਬੇਰ ਸੁਟਾਂ।” ਉਹਦੀ ਸਾਥਣ ਕੁੜੀ ਨੇ ਖਲੋ ਕੇ ਮੂੰਹ ਖੋਲ੍ਹਿਆ ਤੇ ਮੁੰਡੇ ਨੇ ਇਕ ਬੇਰ ਉਹਦੇ ਮੂੰਹ ਵਿਚ ਵਗਾਹ ਮਾਰਿਆ। ਉਹ ਬੇਰ ਖਾ ਗਈ। ਫਿਰ ਓਕਰ ਹੀ ਕੁੜੀ ਨੇ ਮੁੰਡੇ ਨੂੰ ਬੇਰ ਖੁਆਇਆ। ਮਗਰੋਂ ਦੋਵੇਂ ਖਿੱਲੀ ਮਾਰ ਕੇ ਹਸ ਪਏ। ਮਸੂਮੀਅਤ ਦੀ ਮਦ ਮੌਕੇ ਨਿੱਕੀ ਵਰੇਸ ਦੇ ਦੋ ਗ਼ੁੰਚੇ ਬਿਨਾ ਕਿਸੇ ਤੌਖਲੇ ਦੇ ਖਿੜੇ ਜਾਂਦੇ ਸਨ!

ਕੁਛੜੇ ਸਾਗ ਮਾਰੀ ਜਾਂਦੀ ਸੀਬੋ ਨੇ ਏਸ ਜੋੜੀ ਦੀਆਂ ਸਾਰੀਆਂ ਹਰਕਤਾਂ ਬੜੇ ਗਹੁ ਨਾਲ ਤਕੀਆਂ ਤੇ ਇਕ ਠੰਡਾ ਸਾਹ ਲਿਆ। ਉਹਨੂੰ ਕੋਈ ਭੁਲੀ ਹੋਈ ਦਾਸਤਾਨ ਚੇਤੇ ਆ ਗਈ ਤੇ ਉਹਦੇ ਅੰਦਰ ਮਧੁਰ- ਮਦਹੋਸ਼ੀ ਜਹੀ ਛਾ ਗਈ। ਅਖਾਂ ਦੀ ਝਿਮਕ ਵਿਚ ਲੰਮੇਰੀ ਵਿਥ ਪੈਣ ਲਗੀ। ਕੋਈ ਪੁਰਾਣਾ ਤਸੱਵਰ ਦਿਲ ਦੀ ਨੁਕਰੋਂ ਅਖਾਂ ਵਿਚ ਆ ਖਲੋਤਾ। ਭਾਵੇਂ ਅਜ ਉਹ ਸੋਲਾਂ ਵਰ੍ਹਿਆਂ ਦੀ ਸੀ, ਪਰ ਦਸ ਵਰ੍ਹੇ ਪਿਛਲੇਰੇ ਦਿਹਾੜੇ ਉਹਦੇ ਫਿਕਰਾਂ ਵਿਚ ਕਲ੍ਹ ਦੇ ਤਮਾਸ਼ੇ ਵਾਂਗ ਦੌੜ ਪਏ। ਉਹਨੂੰ ਉਹਦਾ ਬਾਲ-ਸਖਾ 'ਪ੍ਰੀਤੂ' ਯਾਦ ਆ ਗਿਆ, ਜਿਹਦੇ ਨਾਲ ਖੇਡ ਕੇ ਬਾਲੜੀ ਵਰੇਸ ਬਿਤਾਈ ਸੀ। ਉਹ ਸਮਾਂ ਜਿਸ ਦੇ ਪਰਦਿਆਂ ਵਿਚ ਪ੍ਰੀਤੂ ਦਾ ਸੰਗੀ ਓਹਦਾ ਬਚਪਨ ਵਲ੍ਹੇਟ ਕੇ ਰਖਿਆ ਸੀ, ਅਖਾਂ ਅਗੇ ਤਣ ਗਿਆ। ਓਹਨੂੰ ਯਾਦ ਆ ਗਿਆ ਕੀਕਰ ਉਹ ਕਿਕਰਾਂ ਤੇ ਪੀਂਘਾਂ ਝੂਟਦੇ ਸਨ, ਕੀਕਰ ਕਠੇ ਸਾਗ ਤੋੜ ਲਿਆਉਂਦੇ ਤੇ ਗੰਨੇ ਭੰਨ ਕੇ ਚੂਪ ਆਉਂਦੇ ਸਨ। ਨਾ ਪ੍ਰੀਤੂ ਨੂੰ ਪਤਾ ਸੀ ਮੈਂ ਕੁੜੀ ਹਾਂ ਤੇ ਨਾ ਉਸ ਨੂੰ ਪਤਾ ਸੀ ਉਹ ਮੁੰਡਾ ਹੈ। ਪਤਾ ਸੀ ਤਾਂ ਇਕੋ 'ਖਿੱਚ' ਦਾ, ਜਿਹੜੀ ਓਹਨੂੰ ਪੱਜੇ ਸਾਡੇ ਘਰ ਨਸਾ ਲਿਆਉਂਦੀ ਸੀ ਤੇ ਮੈਨੂੰ ਉਸ ਦੇ ਘਰ ਭਜਾ ਲਿਜਾਂਦੀ ਸੀ।

32