ਪੰਨਾ:ਭੁੱਖੀਆਂ ਰੂਹਾਂ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੀ ਸੀ। ਜਿਉਣੇ ਛੇਲੀ ਖੋਲ੍ਹੀੀ, "ਆ ਤਾਰੋ ਚਲੀਏ" ਓਹਨੇ ਓਹਦਾ ਰੱਸਾ ਖਿੱਚ ਕੇ ਕਿਹਾ। ਤਾਰੋ ਹੱਸੀ ਤੇ ਮਗਰ ਟੁਰ ਪਈ।

"ਮੈਂ ਤੈਨੂੰ ਤੇ ਨਹੀਂ ਆਂਹਦਾ" ਜਿਉਣੇ ਤਾਰੋ ਦਾ ਦਿਲ ਫਰੋਲਣਾ ਚਾਹਿਆ, "ਮੈਂ ਤੇ ਆਪਣੀ ਛੇਲੀ ਨੂੰ ਆਖਿਆ ਏ, ਤੈਨੂੰ ਤੇ ਮੈਂ ਓਦਨ ਸੁਣਾਇਆ ਸੀ, ਕਿ ਸਾਡੇ ਮਰੱਬੇ ਨਾ ਆਵੀਂ?" ਉਹ ਗਰਦਨ ਭੁੰਆ ਕੇ ਹਸ ਰਿਹਾ ਸੀ।

"ਮੈਂ ਤੇ ਨਹੀਂ ਸਾਂ ਆਉਂਦੀ" ਨਾਲੋ ਨਾਲ ਜਾਂਦੀ ਤਾਰੋ ਨੇ ਕਿਹਾ।

"ਮੁੜ ਕੌਣ ਲੈ ਆਇਆ" ਜਿਉਣਾ ਤਾਰੋ ਨੂੰ ਟੋਹ ਰਿਹਾ ਸੀ।

"ਇਹ ਚੰਦਰਾ ਦਿਲ" ਤਾਰੋ ਨੇ ਹਿਕ ਤੇ ਉਂਗਲ ਧਰ ਕੇ ਆਖਿਆ।

ਇਹ ਕਹਿ ਕੇ ਤਾਰੋ ਸ਼ਰਮ ਨਾਲ ਪਾਣੀ ਹੋ ਗਈ ਤੇ ਛੇਤੀ ਗੱਡੇ ਪਰ ਪੱਠਿਆਂ ਤੇ ਜਾ ਬੈਠੀ। ਜਿਉਣੇ ਵੱਛੇ ਜੋੜੇ ਤੇ ਰੱਸੇ ਫੜ ਕੇ ਅਗਾੜੀ ਬਹਿ ਗਿਆ। ਵੱਛੇ ਹਿਕ ਦਿੱਤੇ, ਉਹ ਫਰਾਟੇ ਮਾਰਦੇ ਰੁਹਾਲੇ ਪੈ ਗਏ। ਉਹਨਾਂ ਦੇ ਘੁੰਗਰੂਆਂ ਦੀ ਛਣਕਾਰ ਦਿਲਾਂ ਦੀਆਂ ਉਤੇਜ ਤਮੰਨਾਆਂ ਨੂੰ ਮਦਹੋਸ਼ ਕਰ ਰਹੀ ਸੀ। ਜਿਉਣੇ ਮਿਰਜ਼ੇ ਦੀ ਇਕ ਹੋਕ ਖਿਚੀ। ਤਾਰੋ ਹੋਰ ਅਗੇਰੇ ਆ ਬੈਠੀ, ਹੇਕ ਵਿਚ ਲਯ ਵਧਦੀ ਗਈ, ਤਾਰੋ ਅਗੇਰੇ ਅਗੇਰੇ ਹੁੰਦੀ ਗਈ। ਗੱਡਾ ਚਾਨਣੀ ਦੇ ਸਾਗਰ ਨੂੰ ਚੀਰਦਾ ਜਾਂਦਾ ਸੀ, ਤੇ ਜਦੋਂ ਖਲੋਤਾ ਤਾਂ ਤਾਰੋ ਨੂੰ ਡਾਢੀ ਸ਼ਰਮ ਆਈ, ਕਿਉਂਕਿ ਉਸ ਦੀ ਠੋਡੀ ਜੀਉਣੇ ਦੇ ਮੋਢੇ ਨਾਲ ਛੂਹ ਰਹੀ ਸੀ।

****

ਜੀਉਣੇ ਦੀ ਭੈਣ ਸਹੁਰੀਂ ਪਰਤ ਗਈ ਸੀ, ਉਹ ਇਕੱਲਾ ਰਹਿ ਗਿਆ। ਘਰ ਦਾ ਸਾਰਾ ਧੰਦਾ ਉਹਨੂੰ ਨਜਿਠਣਾ ਪੈਂਦਾ ਸੀ। ਫ਼ਜਰੀਂ ਉਠ ਕੇ ਪਹਿਲਾਂ ਧਾਰਾਂ ਕਢਦਾ ਤੇ ਫੇਰ ਦੁਧ ਰਿੜਕਦਾ ਸੀ। ਲੋ ਹੁੰਦਿਆਂ ਸਾਰ ਹੀ ਤਾਰੋ ਲੱਸੀ ਲੈਣ ਆ ਜਾਂਦੀ ਸੀ। ਕਈ ਵਾਰ ਜਿਉਣੇ ਅਧ

19