ਪੰਨਾ:ਭੁੱਖੀਆਂ ਰੂਹਾਂ.pdf/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਬੰਸਰੀ ਚੁਕੀ, ਪੋਲੀ ਜਿਹੀ ਫੂਕ ਮਾਰੀ – ਬੰਸਰੀ ਬੋਲੀ, ਕਾਫ਼ਲਾ ਤੁਰ ਪਿਆ। ਕੂਚ——।

ਪਹੁ ਫਟੀ, ਸਵੇਰਾ ਹੋਇਆ, ਦੁਪਹਿਰ ਚਮਕੀ, ਢਲੀ ਤੇ ਆਥਣ ਹੋ ਗਈ। ਸੁੰਨੀ ਜੂਹ ਵਿਚੋਂ ਦੀ ਖੇਮੀ ਏਧਰ ਓਧਰ ਤੱਕਦੀ ਨਦੀ ਦੇ ਕੰਢੇ ਤੇ ਜਾ ਖਲੋਤੀ। ਉਹਨੂੰ ਸਾਰੀ ਪ੍ਰਾਕ੍ਰਿਤੀ ਮੁੰਜਮਿਦ ਮਲੂਮ ਦੇਂਦੀ ਸੀ। ਨਦੀ ਦੇ ਪਾਣੀ ਨੂੰ ਚਿਰ ਤਕ ਤਕਦੀ ਰਹੀ – "ਕੀ ਇਹ ਪਾਣੀ ਵਗਦਾ ਏ?" ਉਸ ਨੂੰ ਭੁਲੇਖਾ ਜਿਹਾ ਲਗਾ, ਉਂਗਲ ਪਾ ਕੇ ਤੱਕਿਆ "ਓਹੋ ਮੈਨੂੰ ਇਹ ਖਲੋਤਾ ਕਿਉਂ ਜਾਪਦਾ ਏ - ਹਾਏ ਰੱਬਾ! ਦਰਖ਼ਤਾਂ ਦੀਆਂ ਸ਼ਾਖ਼ਾਂ ਝੂਮਦੀਆਂ ਕਿਉਂ ਪਈਆਂ ਨੇ, ਪਰ ਮੇਰੇ ਪਿੰਡੇ ਨੂੰ ਪੌਣ ਲਗਦੀ ਕਿਉਂ ਨਹੀਂ - ਚਰਾਂਦ ਵਿਚ ਅਜ ਕੋਈ ਵਾਜ ਨਹੀਂ........ਗੀਤ ਨਹੀਂ - ।"

ਉਸ ਅਗਾੜੀ ਨਿਗਾਹ ਮਾਰੀ। ਦੂਰ ਥੇਹ ਦੇ ਓਹਲੇ ਡੁਬਦੇ ਸੂਰਜ ਵਿਚਕਾਰੇ ਦੀ ਮਹੀਨ ਬਦਲ ਦੀ ਤਾਰ ਲੰਘਣ ਕਰਕੇ ਉਹ ਦੁਫਾੜ ਹੋਇਆ ਜਾਪਦਾ ਸੀ। ਥੱਕੇ ਹੋਏ ਪੰਛੀ ਆਹਲਣਿਆਂ ਨੂੰ ਉੱਡੇ ਜਾਂਦੇ ਸਨ। ਖੇਮੀ ਦੀ ਨੀਝ ਬੱਝ ਗਈ। ਕੋਈ ਥੇਹ ਤੇ ਖਲੋਤਾ ਉਹਨੂੰ ਦਿਸਿਆ ਨਾਲੇ ਇਕ ਤਾਨ ਜਿਹੀ ਕੰਨਾਂ ਨੂੰ ਠੁਕਰਾਈ। ਉਹਦੇ ਸਾਹ ਤਿੱਖੇ ਤਿੱਖੇ ਵਗਣ ਲਗੇ। ਤਾਨ ਦੀ ਵਧਦੀ ਖਿੱਚ ਵੀ ਉਹਨੂੰ ਅਨੁਭਵ ਹੋਈ। ਉਹ ਟੁਰ ਪਈ – ਕਾਹਲੀ ਕਾਹਲੀ। ਸੁਰਾਂ ਵਿਚ ਤੀਖਣਤਾ ਚਮਕੀ। ਖੇਮੀ ਤਿਖੇਰੀ ਹੋ ਗਈ ਤੇ ਫੇਰ ਉਹ ਨੱਸ ਪਈ। ਥੇਹ ਤੇ ਜਾਂ ਅਪੜੀ – ਉਥੇ ਇਕ ਪੁਰਾਣਾ ਬੋਹੜ ਦਾ ਸੁੱਕਾ ਖੋਖਲਾ ਖੁੰਢ ਖਲੋਤਾ ਸੀ। ਜਿਹਦੀ ਪੋਲ ਵਿਚੋਂ ਆਰ ਪਾਰ ਹੁੰਦੀ ਪੌਣ ਦੀ ਗੂੰਜ ਜਿਹੀ ਉਠ ਰਹੀ ਸੀ – ਬਸ ਹੋਰ ਕੁਝ ਉਥੇ ਨਹੀਂ ਸੀ। ਖੇਮੀ ਨੇ ਚੁੰਨੀ ਦੇ ਲੜ ਨਾਲ ਆਪਣੇ ਹੰਝੂ ਪੂੰਝ ਘੱਤੇ।


੮੬