ਇਹ ਸਫ਼ਾ ਪ੍ਰਮਾਣਿਤ ਹੈ

ਜ਼ੋਰੀ ਖੋਹ ਕੇ ਲੈ ਗਏ ਸਾਥੋਂ,
ਸਾਡੀਆਂ ਕੰਜਕਾਂ ਭੈਣਾਂ ਨੂੰ।
ਹੁਣ ਤਕ ਨੇ ਉਹ ਵਿਚ ਸਿਕੰਜੇ,
ਕਰਦੀਆਂ ਪਈਆਂ ਵੈਣਾਂ ਨੂੰ।
ਤਕ ਤਕ ਮਾਪੇ ਐਧਰ ਥਕੇ,
ਰੋਗ ਲਗ ਗਿਆ ਨੈਣਾਂ ਨੂੰ।
ਇਜ਼ਤ ਮਿਲ ਗਈ ਵਿਚ ਮਿਟੀ ਦੇ,
ਭੁਲੇ ਘਰ ਘਰਾਏਣਾਂ ਨੂੰ।
ਜਲੂਸ ਕਢ ਕੇ ਸਰੇ ਬਜ਼ਾਰੀਂ,
ਵੇਸਵਾ ਵਾਂਗ ਨਹਾਇਆ ਏ।
ਇਸ ਅਜ਼ਾਦੀ ਬਦਲੇ ਲੋਕੋ,
ਕੀ ਕੀ ਨਹੀਂ ਲੁਟਾਇਆ ਏ।
ਆਜ਼ਾਦੀ ਬਦਲੇ ਦੇ ਬੈਠੇ ਹਾਂ,
ਨਾਨਕ ਦੇ ਨਨਕਾਣੇ ਨੂੰ।
ਤਰਸ ਤਰਸ ਸਿਖ ਹਿੰਦੂ ਮਰ ਗਏ,
ਅਮਰ ਕੁੰਡ ਵਿਚ ਨਹਾਣੇ ਨੂੰ।
ਕਿਥੇ ਗੋਰਖ ਨਾਥ ਦਾ ਟਿੱਲਾ,
ਕਰੀਏ ਯਾਦ ਕਿੜਾਨੇ ਨੂੰ।
ਵਾਟ ਕੋਈ ਨਾ ਲਭੇ ਸਾਨੂੰ,
ਪੰਜੇ ਸਾਾਹਿਬ ਦੇ ਜਾਣੇ ਨੂੰ।

੪੯