ਪੰਨਾ:ਬੱਚੇ ਕਦੇ ਤੰਗ ਨਹੀਂ ਕਰਦੇ.pdf/13

ਇਹ ਸਫ਼ਾ ਪ੍ਰਮਾਣਿਤ ਹੈ

ਮਾਵਾਂ ਅਤੇ ਬੱਚਿਆਂ ਦੀ ਸਿਹਤ ਬਾਰੇ ਟੀਕਾਕਰਨ, ਖੁਰਾਕ ਅਤੇ ਹੋਰ ਬੀਮਾਰੀਆਂ ਬਾਰੇ ਪੜ੍ਹਦਿਆਂ, ਪੜ੍ਹਾਉਂਦਿਆਂ, ਸਰਵੇਖਣ ਕਰਦਿਆਂ ਇੱਕ ਗੱਲ ਉਭਰਵੇਂ ਰੂਪ ਵਿਚ ਸਮਝੀ ਕਿ ਬੁਨਿਆਦ ਪੱਕੀ ਹੋਵੇ। ਜੇਕਰ ਅਸੀਂ ਸਿਹਤਮੰਦ ਬੱਚੇ ਦੀ ਆਮਦ ਚਾਹੁੰਦੇ ਹਾਂ ਤਾਂ ਜਨਨੀ ਦੀ, ਪੈਦਾ ਕਰਨ ਵਾਲੀ ਮਾਂ ਦੀ ਸਿਹਤ ਠੀਕ ਹੋਵੇ, ਉਸ ਦੀ ਖੁਰਾਕ ਦਾ ਧਿਆਨ ਹੋਵੇ। ਜੇਕਰ ਬੱਚਾ ਛੇ ਸਾਲ ਦਾ ਹੋ ਕੇ ਸਕੂਲ ਦੀ ਪਹਿਲੀ ਕਲਾਸ ਵਿੱਚ ਜਾਵੇ ਤਾਂ ਉਸ ਦੇ ਮੁਢਲੇ ਵਰ੍ਹੇ ਸਿਹਤਮੰਦ ਹੋਣ, ਉਹ ਗਿਆਨ ਹਾਸਿਲ ਕਰਨ ਦੇ ਕਾਬਲ ਹੋਵੇ। ਜੇਕਰ ਮਿਡਲ ਜਾਂ ਸੀਨੀਅਰ ਸਕੈਂਡਰੀ ਦੀ ਪੜ੍ਹਾਈ ਵਿਚ ਬੱਚਾ ਹੁਸ਼ਿਆਰ ਹੋਵੇ ਤਾਂ ਜਰੂਰੀ ਹੈ ਉਸ ਦੇ ਮੁੱਢਲੇ ਸਕੂਲ ਦੀ ਪੜ੍ਹਾਈ ਦੀ ਬੁਨਿਆਦ ਠੀਕ ਹੋਵੇ। ਬੁਨਿਆਦ ਜਰੂਰੀ ਹੈ। ਉਹ ਵੀ ਨਿੱਗਰ ਬੁਨਿਆਦ।

ਘਰ ਦਾ ਆਪਣਾ ਮਹੱਤਵ ਹੈ। ਮਾਂ ਪਿਉ ਦੀ ਭੂਮਿਕਾ ਨੂੰ ਕਿਤੇ ਵੀ ਸੁੱਟ ਨਹੀਂ ਪਾਈ ਜਾ ਸਕਦੀ। ਸਕੂਲ ਵੀ ਸਿਰਫ ਕਿਤਾਬਾਂ ਅਤੇ ਸਿਲੇਬਸ ਮੁਕਾ ਕੇ ਇਮਤਿਹਾਨ ਲੈਣ ਵਾਲੀ ਥਾਂ ਨਹੀਂ ਹੈ। ਇਹ ਇਸ ਤੋਂ ਕਿਤੇ ਵੱਧ ਹੈ।

ਆਮ ਤੌਰ ਹੁੰਦਾ ਇਹ ਹੈ- ਸਕੂਲ ਦੀਆਂ ਕੰਧਾਂ ਦੇ ਵਿੱਚ ਜੀਵਨ ਪੜ੍ਹਾਈ ਤੱਕ ਸੀਮਤ ਰਹਿੰਦਾ ਹੈ ਜਿਸਨੂੰ ਘੰਟੀਆਂ ਨਿਸ਼ਚਿਤ ਕਰਦੀਆਂ ਹਨ, ਜਿਵੇਂ ਵਿਅਕਤੀਗਤ ਸੰਸਾਰ ਦੀ ਭਰਪੂਰਤਾ ਨੂੰ ਮੁੱਖ ਰਖੇ ਬਿਨਾਂ ਸਾਰੇ ਬੱਚਿਆਂ ਨੂੰ ਸਿੱਧਾ-ਪੱਧਰਾ ਕਰਨਾ ਹੋਵੇ, ਉਨ੍ਹਾਂ ਨੂੰ ਇੱਕੋ ਸਾਂਚੇ ਵਿੱਚ ਢਾਲਣਾ ਹੋਵੇ। ਜਿਵੇਂ ਫੁੱਲ ਨੂੰ ਸੋਹਣਾ ਬਣਾਉਣ ਵਾਲੀਆਂ ਪੰਖੜੀਆਂ ਵਿੱਚ ਕੋਈ ਮੁੱਖ ਪੰਖੜੀ ਨਹੀਂ ਹੋ ਸਕਦੀ, ਉਸੇ ਤਰ੍ਹਾਂ ਵਿੱਦਿਆ ਵਿੱਚ ਮਹਤੱਵਪੂਰਨ ਅਤੇ ਅਣ-ਮਹਤੱਵਪੂਰਨ ਵਿਚਕਾਰ ਕੋਈ ਵੰਡ ਨਹੀਂ ਹੋ ਸਕਦੀ। ਵਿੱਦਿਆ ਵਿੱਚ ਸਭ ਕੁਝ ਮਹਤੱਵਪੂਰਨ ਹੈ— ਸਬਕ, ਸਕੂਲ ਤੋਂ ਪਿੱਛੇ ਦੇ ਸਮੇਂ ਦੇ ਹਿੱਤਾਂ ਦਾ ਵਿਕਾਸ ਅਤੇ ਸਮੂਹ ਦੇ ਅੰਦਰ ਵਿਦਿਆਰਥੀਆਂ ਦਾ ਆਪਸੀ ਸੰਬੰਧ!

ਸਬੱਬ ਸੀ— ਨੌਜਵਾਨੀ ਅਤੇ ਨਸ਼ੇ ਦਾ। ਉਮਰ ਜੋ ਨਿਸ਼ਾਨਾ ਬਣਦੀ ਹੈ, ਬਹੁਤੀ ਵਾਰੀ ਸੋਲਾਂ-ਸਤਾਰਾਂ ਸਾਲ ਜਾਂ ਕਹਿ ਲਵੋ ਪਲਸ ਵਨ ਅਤੇ ਪਲਸ ਟੂ। ਵੈਸੇ ਨਸ਼ਿਆਂ ਦੇ ਸ਼ੁਰੂਆਤ ਦੀ ਉਮਰ 13-14 ਹੈ। ਅਸੀਂ ਆਪਣੀ ਗੱਲ ਕਰਨ ਲੱਗਿਆਂ ਜ਼ਿੰਦਗੀ ਦੇ ਪੰਦਰਾਂ-ਸੋਲਾਂ ਸਾਲ ਪਲੋ ਪਲੀ ਮਨਫੀ ਕਰ ਦਿੰਦੇ ਹਾਂ। ਇਨਾਂ ਪੰਦਰਾਂ-ਸੋਲਾਂ ਸਾਲਾਂ ਦਾ ਪਿਛੋਕੜ। ਇਨਾਂ ਸਾਲਾਂ ਵਿਚ ਵਿਕਾਸ ਦੌਰਾਨ ਕੀ ਕੀ ਵਾਪਰਿਆ? ਇਨਾਂ ਸਾਲਾਂ ਨੂੰ ਬਿਨਾਂ ਜਾਣੇ ਸਮਝੇ, ਅਸੀਂ ਸਮੱਸਿਆ ਪ੍ਰਤੀ ਆਪਣੀ ਸਹੀ ਸਮਝ ਨਹੀਂ ਉਸਾਰ ਸਕਦੇ। ਇਕੋ ਦਮ ਕਦੀ ਕੁਝ ਨਹੀਂ ਹੋਇਆ ਕਰਦਾ। ਮੈਂ ਸਿਹਤ ਵਿਭਾਗ ਨਾਲ ਸਬੰਧਿਤ ਹਾਂ, ਇਸ ਲਈ ਬੀਮਾਰੀ ਦੀ ਪ੍ਰਕ੍ਰਿਆ ਨੂੰ ਚੰਗੀ ਤਰ੍ਹਾਂ ਸਮਝਦਾਂ। ਤੁਸੀਂ ਕਿਸੇ ਪ੍ਰਦੂਸ਼ਿਤ ਹਵਾ ਵਿਚੋਂ ਲੰਘਦੇ ਹੋ, ਉਹ ਹਵਾ ਤੁਹਾਡੇ ਨੱਕ, ਸੰਘ ਵਿਚੋਂ ਹੁੰਦੀ ਫੇਫੜਿਆਂ ਨੂੰ ਜਾਂਦੀ ਹੈ। ਤੁਸੀਂ ਕੁਝ ਗੰਦਾ ਖਾ-ਪੀ ਲੈਂਦੇ ਹੋ, ਤੁਹਾਡੀ ਜੁਬਾਨ, ਖੁਰਾਕ ਨਲੀ ਤੋਂ ਹੁੰਦਿਆਂ ਉਹ ਪੇਟ ਨੂੰ ਜਾਂਦਾ ਹੈ। ਫੇਫੜੇ-ਪੇਟ ਉਸ ਨੂੰ ਸਮਝਦੇ ਹਨ। ਸਰੀਰ ਦੀ ਇਕ ਸੁਰੱਖਿਆ ਪ੍ਰਣਾਲੀ ਹੈ, ਉਹ ਹਰਕਤ ਵਿਚ ਆਉਂਦੀ ਹੈ। ਉਹ ਇਸ ਹਵਾ ਅਤੇ ਖੁਰਾਕ ਦੇ ਮਾੜੇ ਅੰਸ਼ਾਂ ਨਾਲ ਦੋ-ਚਾਰ ਹੁੰਦੀ ਹੈ। ਇਕ ਜੰਗ ਹੁੰਦੀ ਹੈ। ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸਾਡੀ ਸੁਰੱਖਿਆ ਪ੍ਰਣਾਲੀ ਵਿਚ ਕਿੰਨੀ ਜਾਨ ਹੈ ਜਾਂ ਹਮਲਾਵਰ ਕਿੰਨੇ ਤਕੜੇ ਹਨ। ਕੁਝ ਸਮਾਂ ਲਗਦਾ ਹੈ, ਦਿਨ-ਹਫਤੇ ਲੱਗਦੇ ਹਨ ਜਦੋਂ ਸਰੀਰ ਅਸਮਰਥ ਹੋ ਕੇ ਪ੍ਰਗਟਾਵਾ ਕਰਦਾ ਹੈ, ਬੀਮਾਰੀ ਦੇ ਲੱਛਣਾਂ ਦਾ। ਹਰ ਵਰਤਾਰੇ ਨੂੰ ਸਮਾਂ ਲਗਦਾ ਹੈ। ਚਾਹੇ ਉਹ ਸਮਾਜਿਕ ਹੈ ਤੇ ਸਰੀਰਕ ਜਾਂ ਉਹ ਮਾਨਸਿਕ ਹੈ।

ਇਹੀ ਪ੍ਰਕ੍ਰਿਆ ਨਸ਼ਿਆਂ ਨਾਲ ਜੁੜੀ ਹੈ। ਨਸ਼ਿਆਂ ਦੀ ਸ਼ੁਰੂਆਤ ਦਾ ਸਮਾਂ ਕਿਸ਼ੋਰ ਅਵਸਥਾ


ਬੱਚੇ ਕਦੇ ਤੰਗ ਨਹੀਂ ਕਰਦੇ/ 13