ਇਹ ਸਫ਼ਾ ਪ੍ਰਮਾਣਿਤ ਹੈ
ਗ਼ਜ਼ਲ
ਅੱਜ ਚਾਰੇ ਪਾਸੇ ਹੋਣ ਹਥਿਆਰ ਦੀਆਂ ਗੱਲਾਂ।
ਕੋਈ ਟਾਵਾਂ ਟਾਵਾਂ ਕਰਦਾ ਪਿਆਰ ਦੀਆਂ ਗੱਲਾਂ।
ਮੈਨੂੰ ਘੂਰ ਘੂਰ ਜੰਗਲੀ ਜਨੌਰ ਵੇਖਦੇ ਨੇ,
ਸ਼ੁਰੂ ਕਰਦਾ ਹਾਂ ਜਦੋਂ ਵੀ ਬਹਾਰ ਦੀਆਂ ਗੱਲਾਂ।
ਰਣ ਭੂਮੀਆਂ ਦਾ ਚੌਂਕੇ ਤਾਈਂ ਹੋਇਆ ਵਿਸਥਾਰ,
ਹੋਣ ਲੱਗ ਪਈਆਂ ਏਥੇ ਜਿੱਤ ਹਾਰ ਦੀਆਂ ਗੱਲਾਂ।
ਲੋਹਾ ਕੁੱਟਿਆਂ ਬਗ਼ੈਰ ਹਥਿਆਰ ਨਾ ਬਣੇ,
ਇਹ ਲੋਹਾਰ ਦੀਆਂ ਗੱਲਾਂ ਨੇ ਬੇਕਾਰ ਦੀਆਂ ਗੱਲਾਂ।
ਕੋਈ ਵੇਚਦਾ ਈਮਾਨ ਕੋਈ ਤਾਰੇ ਉਹਦਾ ਮੁੱਲ,
ਸਣੇ ਸਿਰ ਪੱਗ ਹੋ ਗਈਆਂ ਵਪਾਰ ਦੀਆਂ ਗੱਲਾਂ।
ਜਦੋਂ ਆਪਣੇ ਹੀ ਸਾਇਆ ਸੰਗ ਸਾਥ ਛੱਡ ਜਾਏ,
ਉਦੋਂ ਮੰਨਦਾ ਹੈ ਕਿਹੜਾ ਦਿਲਦਾਰ ਦੀਆਂ ਗੱਲਾਂ।
ਇੱਕੋ ਥਾਲੀ ਵਿਚ ਖਾਂਦਿਆਂ ਕੀ ਸੱਪ ਲੜ ਗਿਆ,
ਦੋਵੇਂ ਕਰਦੇ ਨੇ ਵੱਖੋ ਵੱਖ ਯਾਰ ਦੀਆਂ ਗੱਲਾਂ।
ਫੁੱਲ ਬੀਜੀਏ ਤੇ ਪਾਲੀਏ ਸੁਗੰਧ ਵੰਡ ਦੇਈਏ,
ਚੰਗੇ ਲੋਕ ਸਦਾ ਕਰਦੇ ਵਿਚਾਰ ਦੀਆਂ ਗੱਲਾਂ।
●
ਬੋਲ ਮਿੱਟੀ ਦਿਆ ਬਾਵਿਆ /95