ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/94

ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਜਗ ਰਹੇ ਜੁਗਨੂੰ ਨੇ ਜਿਹੜੇ ਰਾਤ ਨੂੰ।
ਖ਼ਾਕ ਦੇ ਵਿਚ ਮਿਲਣਗੇ ਪ੍ਰਭਾਤ ਨੂੰ।

ਕੀ ਪਤਾ ਸੀ ਮਾਰੂਥਲ ਪੀ ਜਾਣਗੇ,
ਹੰਝੂਆਂ ਦੀ ਵਰ੍ਹ ਰਹੀ ਬਰਸਾਤ ਨੂੰ।

ਪੱਥਰਾਂ ਦੇ ਸ਼ਹਿਰ ਪੱਥਰ ਹੋ ਗਿਆਂ,
ਦੁੱਖ ਸੁਖ ਪੋਂਹਦਾ ਨਾ ਹੁਣ ਜਜ਼ਬਾਤ ਨੂੰ।

ਤੂੰ ਮੇਰੇ ਸਾਹਾਂ 'ਚ ਘੁਲ ਜਾ ਇਸ ਤਰ੍ਹਾਂ,
ਰਾਤ ਰਾਣੀ ਮਹਿਕਦੀ ਜਿਓਂ ਰਾਤ ਨੂੰ।

ਤੂੰ ਹੁੰਗਾਰਾ ਭਰਦੀ ਭਰਦੀ ਸੌਂ ਗਈ,
ਮੈਂ ਮੁਕਾਵਾਂ ਕਿਸ ਤਰ੍ਹਾਂ ਹੁਣ ਬਾਤ ਨੂੰ।

ਚਾਰ ਦੀਵਾਰੀ 'ਚ ਮੇਰਾ ਬਸਰ ਨਾ,
ਲੈ ਰਿਹਾਂ ਬਾਹਾਂ 'ਚ ਕਾਇਨਾਤ ਨੂੰ।

ਅੱਗ ਦੇ ਅੰਗਾਰਿਆਂ ਤੇ ਤੁਰ ਰਿਹਾਂ,
ਬੈਠ ਰਹਿਣਾ ਮਿਹਣਾ ਮੇਰੀ ਜ਼ਾਤ ਨੂੰ।

ਬੋਲ ਮਿੱਟੀ ਦਿਆ ਬਾਵਿਆ /94