ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/92

ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਬੜ੍ਹਕਾਂ ਤੋਂ ਜੇ ਡਰ ਜਾਓਗੇ।
ਚੁੱਪ ਚੁਪੀਤੇ ਮਰ ਜਾਓਗੇ।

ਆਲ੍ਹਣਿਆਂ ਵਿਚ ਬੋਟ ਉਡੀਕਣ,
ਕਿਹੜੇ ਵੇਲੇ ਘਰ ਜਾਓਗੇ।

ਸਿਦਕ-ਸਬੂਰੀ ਜੇ ਹੈ ਪੱਲੇ,
ਦਿਲ ਦਰਿਆ ਨੂੰ ਤਰ ਜਾਓਗੇ।

ਕੱਠੀਆਂ ਕਰੋ ਭਰਾਵੋ ਬਾਹਵਾਂ,
ਕੱਲ-ਮ-ਕੱਲ੍ਹੇ ਹਰ ਜਾਓਗੇ।

ਇਸ ਬਰਸਾਤ 'ਚ ਨੰਗੇ ਧੜ ਤਾਂ,
ਲੂਣ ਵਰਗਿਓ ਖ਼ਰ ਜਾਓਗੇ।

ਨਹੀਂ ਚੰਨ ਤਾਂ ਤੁਸੀਂ ਜੁਗਨੂੰਓਂ,
ਕੁਝ ਤਾਂ ਚਾਨਣ ਕਰ ਜਾਓਗੇ।

ਮਿਲੂ ਆਸਥਾ ਜ਼ਖ਼ਮੀ ਹੋਈ,
ਜੇਕਰ ਅੰਬਰਸਰ ਜਾਓਗੇ।

ਬੋਲ ਮਿੱਟੀ ਦਿਆ ਬਾਵਿਆ /92