ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/82

ਇਹ ਸਫ਼ਾ ਪ੍ਰਮਾਣਿਤ ਹੈ

ਗ਼ਜ਼ਲ

ਖੋਹ ਲਿਆ ਸੂਰਜ ਸੀ ਜਿਹੜਾ ਰਾਤ ਨੇ।
ਮੋੜ ਦਿੱਤਾ ਦਿਨ ਚੜ੍ਹੇ ਪ੍ਰਭਾਤ ਨੇ।

ਵੇਲਣੇ ਵਿਚ ਜਿਸਮ ਹੀ ਪੀੜੇ ਨਹੀਂ,
ਟੁਕੜੇ ਟੁਕੜੇ ਹੋ ਗਏ ਜਜ਼ਬਾਤ ਨੇ।

ਨੀਵੇਂ ਥਾਂ ਪਾਣੀ ਖੜ੍ਹੇ ਬੂਟੇ ਮਰੇ,
ਕਹਿ ਢਾਇਆ ਇਸ ਤਰ੍ਹਾਂ ਬਰਸਾਤ ਨੇ।

ਮੈਂ ਮੁਖੌਟਾ ਪਹਿਨ ਕੇ ਭਾਵੇਂ ਫਿਰਾਂ,
ਸੱਚ ਦੱਸ ਦੇਣਾ ਮੇਰੀ ਔਕਾਤ ਨੇ।

ਇਹ ਮੇਰੇ ਨੈਣਾਂ 'ਚ ਜਿਹੜੇ ਅੱਥਰੂ,
ਵਕਤ ਨੇ ਦਿੱਤੇ ਅਸਾਨੂੰ ਦਾਤ ਨੇ।

ਪਾਣੀਆਂ ਵਿਚ ਲੀਕ ਅੰਬਰ ਟਾਕੀਆਂ,
ਕਿਸ ਤਰ੍ਹਾਂ ਹੈ ਪਾੜਿਆ ਹਾਲਾਤ ਨੇ।

ਜਨਮ ਦਿਨ ਤੇ ਬਾਲ ਵੀ ਤਾਂ ਭੇਜਦੇ,
ਬੰਬ ਤੇ ਪਿਸਤੌਲ ਦੀ ਸੌਗਾਤ ਨੇ।

ਬੋਲ ਮਿੱਟੀ ਦਿਆ ਬਾਵਿਆ /82