ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/70

ਇਹ ਸਫ਼ਾ ਪ੍ਰਮਾਣਿਤ ਹੈ

ਨਾਗ ਨਿਵਾਸਾਂ ਦੇ ਰਹਿ ਨੀ ਜਿੰਦੇ

ਨਾਗ ਨਿਵਾਸਾਂ ਦੇ ਰਹਿ ਨੀ ਜਿੰਦੇ,
ਨਾਗ ਨਿਵਾਸਾਂ ਦੇ ਰਹਿ।
ਸਿਰ ਤੇ ਪੈਣ ਵਦਾਨ ਹਥੌੜੇ,
ਔਖੀ ਸੌਖੀ ਸਹਿ।
ਨੀ ਜਿੰਦੇ ਔਖੀ ਸੌਖੀ ਸਹਿ।

ਨਾ ਵੱਸ ਤੇਰੇ ਨਾ ਵੱਸ ਮੇਰੇ,
ਹੱਸਣਾ, ਰੋਣਾ, ਗਾਉਣਾ।
ਤੁਰੀਏ ਵੀ ਤਾਂ ਤਲਵਾਰਾਂ ਉੱਤੇ,
ਕੰਡਿਆਂ ਦੀ ਸੇਜ ਵਿਛਾਉਣਾ।
ਚੁੱਪ ਚੁਪੀਤੇ ਹਾਉਕੇ ਭਰੀਏ,
ਸਕੀਏ ਕੁਝ ਨਾ ਕਹਿ।
ਨੀ ਜਿੰਦੇ ਨਾਗ ਨਿਵਾਸਾਂ ਦੇ ਰਹਿ।

ਧਰਤੀ ਅੰਬਰ ਦੀ ਬੁੱਕਲ 'ਚੋਂ,
ਨਿੱਘ ਜਿਹਾ ਕਿਰ ਚੱਲਿਆ।
ਸ਼ੂਕ ਰਹੇ ਦਰਿਆਵਾਂ ਨੂੰ ਨਾ,
ਅਕਲਾਂ ਵਾਲਿਆਂ ਠੱਲ੍ਹਿਆ।
ਸਭ ਰੁੜ੍ਹ ਚੱਲੇ, ਤੂੰ ਨਾ ਰੁੜ੍ਹ ਜਾਈਂ,
ਨਾਲ ਭਰਾਵਾਂ ਰਹਿ।
ਨੀ ਜਿੰਦੇ ਨਾਲ ਭਰਾਵਾਂ ਰਹਿ।

ਬੋਲ ਮਿੱਟੀ ਦਿਆ ਬਾਵਿਆ /70