ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/63

ਇਹ ਸਫ਼ਾ ਪ੍ਰਮਾਣਿਤ ਹੈ

ਅੱਗ ਦੀ ਲਾਟ ਬਣ ਜਾਈਂ ਨੀ
ਹਰਦਿਆਲ ਪਰਵਾਨਾ ਦੇ ਨਾਂ

ਅੱਗ ਦੀ ਲਾਟ ਬਣ ਜਾਈਂ ਨੀ ਮੇਰੇ ਪਿੰਡ ਦੀ ਕੁੜੀਏ।
ਨ੍ਹੇਰੇ ਦੂਰ ਭਜਾਈਂ ਨੀ ਮੇਰੇ ਪਿੰਡ ਦੀਏ ਕੁੜੀਏ।

ਤੇਰੇ ਰਾਹਾਂ ਵਿਚ ਬੈਠੇ ਫ਼ਨੀਅਰ ਨਾਗ ਜ਼ਹਿਰੀਲੇ, ਨੀਲੇ ਪੀਲੇ।
ਸਬਰ ਸਮੇਂ ਦੇ ਮਾਂਦਰੀਆਂ ਤੋਂ ਹੁਣ ਤੱਕ ਗਏ ਨਾ ਕੀਲੇ, ਹਾਰੇ ਹੀਲੇ।
ਮੋਹ ਮੁਹੱਬਤਾਂ ਦੀ ਬੋਲੀ ਬੋਲਣ ਐਸੀ ਬੀਨ ਵਜਾਈਂ ਨੀ।
ਮੇਰੇ ਪਿੰਡ ਦੀਏ ਕੁੜੀਏ...

ਭੱਠੀ ਦੇ ਵਿਚ ਜੋਬਨ ਭੁੰਨਣ ਤੇਰੇ ਜਹੀਆਂ ਲੱਖ ਨਾਰਾਂ, ਸੋਹਲ ਮੁਟਿਆਰਾਂ।
ਕੋਲ ਡੁਸਕਦੇ ਬਾਲ ਨਿਆਣੇ ਸੁੱਤੀਆਂ ਨੇ ਸਰਕਾਰਾਂ, ਲੈਣ ਨਾ ਸਾਰਾਂ।
ਕੱਚੀਆਂ ਕੁੱਲੀਆਂ ਦੇ ਵਿਚ ਜਗ ਕੇ ਵਿਹੜੇ ਤੂੰ ਰੁਸ਼ਨਾਈਂ ਨੀ।
ਮੇਰੇ ਪਿੰਡ ਦੀਏ ਕੁੜੀਏ...

ਗਲਿਆਂ ਦੇ ਵਿਚ ਹੇਕਾਂ ਸੁੱਤੀਆਂ ਥਿੜਕਦੀਆਂ ਨੇ ਤਰਜ਼ਾਂ, ਮਾਰਿਆ ਗਰਜ਼ਾਂ।
ਗਾਰੇ ਵਿਚ ਜਿਉਂ ਖੁਭਿਆ ਪਹੀਆ ਘੇਰ ਲਿਆ ਏ ਕਰਜ਼ਾਂ ਨਾਲੇ ਫ਼ਰਜ਼ਾਂ।
ਔਖੀ ਤਰਜ਼ ਦੇ ਗੀਤ ਨੂੰ ਭੈਣੇ ਰਲ ਮੇਰੇ ਨਾਲ ਗਾਈਂ ਨੀ।
ਮੇਰੇ ਪਿੰਡ ਦੀਏ ਕੁੜੀਏ...

ਗਹਿਣਾ ਗੱਟਾ ਲੀੜਾ ਲੱਤਾ ਚੰਦਰੀ ਚਾਰ ਦੀਵਾਰੀ, ਨਾ ਕਰ ਪਿਆਰੀ।
ਪਿੰਜਰੇ ਦੀ ਚੂਰੀ ਦੇ ਬਦਲੇ ਬੜੀ ਗੁਲਾਮੀ ਭਾਰੀ, ਨਿਰੀ ਖੁਆਰੀ।
ਤੇਰੇ ਕਦਮਾਂ ਦੇ ਵਿਚ ਬਿਜਲੀ ਤੈਥੋਂ ਦੂਰ ਬਲਾਈਂ ਨੀ।
ਮੇਰੇ ਪਿੰਡ ਦੀਏ ਕੁੜੀਏ...

ਬੋਲ ਮਿੱਟੀ ਦਿਆ ਬਾਵਿਆ/63