ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/59

ਇਹ ਸਫ਼ਾ ਪ੍ਰਮਾਣਿਤ ਹੈ

ਪਿੱਪਲ ਦਿਆ ਪੱਤਿਆ ਓਇ

ਪਿੱਪਲ ਦਿਆ ਪੱਤਿਆ ਓਇ! ਕਾਹਦੀ ਖੜ ਖੜ ਖੜ ਖੜ ਲਾਈ ਆ।
ਪੱਤ ਝੜ ਗਏ ਪੁਰਾਣੇ ਓਇ! ਸੋਹਣਿਆ! ਰੁੱਤ ਨਵਿਆਂ ਦੀ ਆਈ ਆ

ਤੇਰੇ ਹੇਠਾਂ ਬਹਿ ਅੜਿਆ, ਮਾਣੀਆਂ ਰੱਜ ਕੇ ਸੰਘਣੀਆਂ ਛਾਵਾਂ।
ਤੇਰੇ ਕਰਕੇ ਹੀ ਸੋਭਦੀਆਂ, ਹੀਰਿਆਂ ਪਿੰਡ ਸਾਡੇ ਦੀਆਂ ਰਾਹਵਾਂ।
ਰੁੱਤ ਬਦਲੀ ਤੇ ਵਣ ਕੰਬਿਆ ਵੇਖ ਲੈ ਕੁੰਜ ਧਰਤੀ ਨੇ ਲਾਹੀ ਆ।
ਪੱਤ ਝੜ ਗਏ ਪੁਰਾਣੇ ਓਇ...

ਰੰਗ ਰਾਗ ਬਦਲ ਗਏ ਨੇ, ਬਦਲੀਆਂ ਮਿੱਤਰਾ ਪੁਰਾਣੀਆਂ ਬਾਤਾਂ।
ਤੂੰ ਵੇਖ ਕਰੂੰਬਲਾਂ ਨੂੰ ਕੁਦਰਤਾਂ ਦਿੱਤੀਆਂ ਜੋ ਨਰਮ ਸੁਗਾਤਾਂ।
ਤੂੰ ਰੁੱਖ ਦਰਿਆ ਕੰਢੜਾ ਭਲਾ ਕਿਉਂ ਐਵੇਂ ਲੱਤ ਲਟਕਾਈ ਆ।
ਪੱਤ ਝੜ ਗਏ ਪੁਰਾਣੇ ਓਇ...

ਸਮਿਆਂ ਦੇ ਗੇੜੇ ਨੇ, ਗੇੜਿਆ ਚੱਕਰ ਐਸਾ ਸੋਹਣਾ।
ਅੱਜ ਤੇਰੀ ਵਾਰੀ ਏ, ਭਲਕ ਨੂੰ ਆਪਾਂ ਮਿੱਟੀ ਹੋਣਾ।
ਮਿੱਟੀ ਵਿਚ ਫ਼ੋਲ ਜ਼ਰਾ, ਏਸ ਵਿਚ ਕਿਸ ਕਿਸ ਜਾਨ ਗਵਾਈ ਆ।
ਪੱਤ ਝੜ ਗਏ ਪੁਰਾਣੇ ਓਇ....

ਜੋ ਖੁਸ਼ੀਆਂ ਵੰਡਦਾ ਏ, ਜ਼ਮਾਨਾ ਝੁਕ ਕੇ ਸਲਾਮਾਂ ਕਰਦਾ।
ਬੇਵਕਤੀ ਬੁੜ ਬੁੜ ਨੂੰ, ਭਲਾ ਦੱਸ ਕੌਣ ਸਿਆਣਾ ਜਰਦਾ।
ਚੁੱਪ! ਸੌਂ ਜਾ ਬੇਸੁਰਿਆ ਤੂੰ, ਬਰੂਹੀਂ ਰੁੱਤ ਬਸੰਤੀ ਆਈ ਆ।
ਪੱਤ ਝੜ ਗਏ ਪੁਰਾਣੇ ਓਏ...

ਬੋਲ ਮਿੱਟੀ ਦਿਆ ਬਾਵਿਆ/59