ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/52

ਇਹ ਸਫ਼ਾ ਪ੍ਰਮਾਣਿਤ ਹੈ

ਅੰਬਾਂ ਨੂੰ ਬੂਰ ਪਿਆ।
'ਕੱਠੇ ਬਹਿ ਕੇ ਹੱਸਦੇ ਸਾਂ,
ਐਸਾ ਮੌਸਮ ਦੂਰ ਗਿਆ।

ਪਾਣੀ ਵਿਚ ਗਹਿਰ ਘੁਲੀ।
ਚਾਰੇ ਬੰਨੇ ਅੱਗ ਬਲਦੀ,
ਵਿਚ ਲੱਗਦੀ ਏ ਜ਼ਹਿਰ ਘੁਲੀ।

ਅੱਖੀਆਂ ਚ ਖ਼ੁਮਾਰ ਨਹੀਂ।
ਕਾਹਨੂੰ ਯਾਰਾ ਬਦਲ ਗਿਐਂ,
ਪਹਿਲਾਂ ਵਰਗਾ ਪਿਆਰ ਨਹੀਂ।

ਦਾਣੇ ਰਸ ਗਏ ਅਨਾਰਾਂ ਦੇ।
ਤਲੀਆਂ 'ਚ ਗਿੱਧਾ ਮਰਿਆ,
ਸਾਡੇ ਪਿੰਡ ਮੁਟਿਆਰਾਂ ਦੇ।

ਅੱਖਾਂ ਵਿਚ ਨੀਰ ਨਹੀਂ।
ਕਰਨ ਕਮਾਈਆਂ ਤੋਰਿਆ,
ਜੀਹਦਾ ਮੁੜਿਆ ਵੀਰ ਨਹੀਂ।

ਸੁਪਨੇ ਦਾ ਲੱਕ ਟੁੱਟਿਆ।
ਦਿਨ ਦੀਵੀਂ ਸਾਡੇ ਸਾਹਮਣੇ,
ਘਰ ਬਾਰ ਗਿਆ ਲੁੱਟਿਆ।

ਸਭਨਾਂ ਦੀ ਮਾਂ ਧਰਤੀ।
ਡੁੱਬੇ ਲੀਕਾਂ ਪਾਉਣ ਵਾਲਿਆ,
ਤੂੰ ਤੇ ਚੰਦਰਿਆ ਹੱਦ ਕਰ’ਤੀ।

ਬੋਲ ਮਿੱਟੀ ਦਿਆ ਬਾਵਿਆ/52