ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/48

ਇਹ ਸਫ਼ਾ ਪ੍ਰਮਾਣਿਤ ਹੈ

ਇਹ ਕੇਹੀ ਰੁੱਤ ਆਈ ਨੀ ਮਾਂ

ਇਹ ਕੇਹੀ ਰੁੱਤ ਆਈ ਨੀ ਮਾਂ।
ਇਹ ਕੇਹੀ ਰੁੱਤ ਆਈ।
ਰੁੱਖਾਂ ਦੇ ਪੱਤਰਾਂ ਦੀ ਥਾਵੇਂ,
ਪੁੱਤਰਾਂ ਪੁੱਤਝੜ ਲਾਈ ਨੀ ਮਾਂ।

ਧਰਤ ਪਿਆਸੀ ਸਹਿਕਣ ਬੂਟੇ।
ਮੌਤ ਕੁਲਹਿਣੀ ਪੀਂਘਾਂ ਝੂਟੇ।
ਕੁੜੀਆਂ ਚਿੜੀਆਂ ਸਾਉਣ ਮਹੀਨੇ,
ਕਿਉਂ ਨਹੀਂ ਪੀਂਘ ਚੜ੍ਹਾਈ ਨੀ ਮਾਂ।

ਮਨ ਹਰਨੋਟਾ ਰਹਿੰਦਾ ਡਰਦਾ।
ਜਿਹੜਾ ਸੀ ਕਦੇ ਚੁੰਗੀਆਂ ਭਰਦਾ।
ਜ਼ਿੰਦਗੀ-ਮੌਤ ਵਿਚਾਲੇ ਜੀਕਣ,
ਹੋਵੇ ਲੁਕਣ-ਮਚਾਈ ਨੀ ਮਾਂ।

ਘਰ ਨੂੰ ਬਾਹਰੋਂ ਲਾ ਕੇ ਜੰਦਰੇ।
ਖ਼ਲਕਤ ਸੁੱਤੀ ਸੌਂ ਗਈ ਅੰਦਰੇ।
ਕੰਧਾਂ 'ਚੋਂ ਹਟਕੋਰੇ ਡੁਸਕਣ,
ਫ਼ੈਲੀ ਹਾਲ ਦੁਹਾਈ ਨੀ ਮਾਂ।

ਅੱਧੀਂ ਰਾਤੀਂ ਬੂਹਾ ਖੜਕੇ।
ਕੰਬਦੀ ਜਾਨ ਕਲੇਜਾ ਧੜਕੇ।
ਜਾਪਣ ਸਾਡੀ ਜਾਨ ਦੇ ਵੈਰੀ,
ਦੋਵੇਂ, ਚੋਰ-ਸਿਪਾਹੀ ਨੀ ਮਾਂ।

ਬੋਲ ਮਿੱਟੀ ਦਿਆ ਬਾਵਿਆ/48