ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/44

ਇਹ ਸਫ਼ਾ ਪ੍ਰਮਾਣਿਤ ਹੈ

ਡਾ. ਨੈਲਸਨ ਮੰਡੇਲਾ: ਜੀ ਆਇਆਂ ਨੂੰ

ਦੋ ਬਨਵਾਸਾਂ ਬਾਅਦ ਸੋਹਣਿਆਂ ਘਰ ਆਇਆ ਏਂ,
ਜੀ ਆਇਆ ਨੂੰ...।
ਚਿੱਟੇ ਖ਼ੂਨ ਦੇ ਕਾਲੇ ਸਾਗਰ ਤਰ ਆਇਆ ਏਂ।
ਜੀ ਆਇਆਂ ਨੂੰ...।

ਇਸ ਧਰਤੀ ਦੇ ਕਾਲੇ-ਚਿੱਟੇ ਨੀਲੇ-ਪੀਲੇ ਰਾਜੇ ਰਾਣੇ,
ਇਕ ਪਾਸੇ ਹਨ।
ਲੋਕ ਸ਼ਕਤੀਆਂ ਲਿੱਸੇ ਤੇ ਕਮਜ਼ੋਰ ਨਿਤਾਣੇ,
ਇਕ ਪਾਸੇ ਸਨ।
ਕਾਲ-ਕੋਠੜੀ ਜ਼ੁਲਮ-ਤਸੀਹੇ,
ਸਭ ਕੁਝ ਪਿੰਡੇ ਜਰ ਆਇਆ ਏਂ।
ਜੀ ਆਇਆਂ ਨੂੰ....।

ਤੂੰ ਧਰਤੀ ਦਾ ਸੂਹਾ ਸੂਰਜ ਤੈਨੂੰ ਵਕਤ ਸਲਾਮ ਕਰ ਰਿਹਾ।
ਹਰ ਕਿਰਤੀ ਕਿਸਾਨ ਤੇ ਕਾਮਾ ਹਰ ਪਲ ਤੇਰੇ ਨਾਮ ਕਰ ਰਿਹਾ।
ਸਾਲ ਸਤਾਈਆਂ ਬਾਦ,
ਸੋਹਣਿਆਂ ਘਰ ਆਇਆਂ ਏਂ।
ਜੀ ਆਇਆਂ ਨੂੰ...।

ਕੁੱਲ ਧਰਤੀ ਦੀ ਅਣਖ਼ ਤੇ ਗੈਰਤ ਸਾਰੀ ਤੇਰੇ ਨਾਲ ਖੜ੍ਹੀ ਸੀ।
ਨਸਲ ਪ੍ਰਸਤਾਂ ਆਪਣੇ ਹੱਥੀਂ ਪੁੱਟੀ ਆਪਣੀ ਆਪ ਮੜ੍ਹੀ ਸੀ।
ਤੂੰ ਇਤਿਹਾਸ ਦਾ,
ਖਾਲੀ ਨਾ ਭਰ ਆਇਆ ਏਂ।
ਜੀ ਆਇਆਂ ਨੂੰ...।

ਬੋਲ ਮਿੱਟੀ ਦਿਆ ਬਾਵਿਆ/44