ਪੰਨਾ:ਬੋਲ ਮਿੱਟੀ ਦਿਆ ਬਾਵਿਆ – ਗੁਰਭਜਨ ਗਿੱਲ.pdf/38

ਇਹ ਸਫ਼ਾ ਪ੍ਰਮਾਣਿਤ ਹੈ

ਜਦੋਂ ਕਦੇ ਰਾਤ ਨੂੰ ਨੀਂਦ ਉੱਖੜਦੀ ਹੈ

ਟਿਕੀ ਹੋਈ ਰਾਤ ਨੂੰ,
ਜਦ ਕਦੇ ਵੀ ਨੀਂਦ ਉੱਖੜਦੀ ਹੈ।
ਮਨ ਸੋਚਾਂ ਦੀਆਂ ਘੁੰਮਣਘੇਰੀਆਂ ਵਿਚ,
ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ।

ਉੱਡਦੇ ਪਰਿੰਦਿਆਂ ਵਾਂਗ,
ਕਦੇ ਕਿਸੇ ਟਾਹਣੀ ਤੇ ਜਾ ਬਹਿੰਦਾ ਹੈ,
ਕਦੇ ਕਿਸੇ ਟਾਹਣੀ।

ਸਰਹੱਦ ਤੋਂ ਪੰਜ ਛੇ ਮੀਲ ਉਰ੍ਹਾਂ ਵੱਸਦਾ,
ਮੇਰਾ ਪਿੰਡ ਬਸੰਤ ਕੋਟ।
ਜਿਥੋਂ ਦੀਆਂ ਸਵੇਰਾਂ ਸ਼ਾਮਾਂ ਤੇ ਦੁਪਹਿਰਾਂ,
ਅੱਜ ਖਾਮੋਸ਼ੀ ਦੀ ਗਹਿਰੀ ਖੱਡ ਵਿਚ ਗਰਕ ਨੇ।
ਸ਼ਾਮ ਚਾਰ ਵਜੇ ਹੀ,
ਘਰਾਂ ਦੇ ਕੁੰਡੇ ਅੰਦਰੋਂ ਬੰਦ ਹੋ ਜਾਂਦੇ ਨੇ।
ਮਾਵਾਂ ਪੁੱਤਰਾਂ ਨੂੰ ਲੋਰੀਆਂ ਨਹੀਂ,
ਡਰਾਵੇ ਦੇ ਕੇ ਸੰਵਾਉਂਦੀਆਂ ਹਨ।

ਦਿੱਲੀ ਹੁਣ ਸਾਡੇ ਬੱਚਿਆਂ ਲਈ,
ਭੂਆ ਦਾ ਸ਼ਹਿਰ ਨਹੀਂ,
ਸਿਰ ਤੇ ਖਲੋਤਾ ਆਦਮ ਖਾਣਾ ਕਹਿਰ ਹੈ।
ਪਤਾ ਨਹੀਂ ਇਹ ਕਿਸ ਤਰ੍ਹਾਂ ਦਾ ਜ਼ਹਿਰ ਹੈ।
ਜਿਸ ਦੇ ਵਿਸ਼ ਨੇ ਰਿਸ਼ਤੇ ਨਾਤੇ,
ਮੋਹ ਮੁਹੱਬਤਾਂ ਦੇ ਜਾਲ,
ਅੰਦਰ ਹੀ ਅੰਦਰ,
ਤਾਰ-ਤਾਰ ਕਰ ਸੁੱਟੇ ਨੇ।

ਬੋਲ ਮਿੱਟੀ ਦਿਆ ਬਾਵਿਆ/38